
ਪਿਛਲੇ ਸਮੇਂ ਦੌਰਾਨ ਘੋੜਿਆਂ ਵਿਚ ਗਲੈਂਡਰ ਨਾਮ ਦੀ ਬੀਮਾਰੀ ਦੀ ਸ਼ਕਾਇਤ ਸਾਹਮਣੇ ਆਉਣ ਕਾਰਨ ਸਮੁੱਚੇ ਪੰਜਾਬ ਵਿੱਚ ਸਰਕਾਰ ਵਲੋਂ ਘੋੜਿਆਂ ਦੀਆਂ ਮੰਡੀਆਂ ਲਗਾਉਣ............
ਸ੍ਰੀ ਮੁਕਤਸਰ ਸਾਹਿਬ : ਪਿਛਲੇ ਸਮੇਂ ਦੌਰਾਨ ਘੋੜਿਆਂ ਵਿਚ ਗਲੈਂਡਰ ਨਾਮ ਦੀ ਬੀਮਾਰੀ ਦੀ ਸ਼ਕਾਇਤ ਸਾਹਮਣੇ ਆਉਣ ਕਾਰਨ ਸਮੁੱਚੇ ਪੰਜਾਬ ਵਿੱਚ ਸਰਕਾਰ ਵਲੋਂ ਘੋੜਿਆਂ ਦੀਆਂ ਮੰਡੀਆਂ ਲਗਾਉਣ ਤੇ ਪਾਬੰਦੀ ਲਗਾ ਦਿਤੀ ਗਈ ਸੀ, ਹੁਣ ਪੰਜਾਬ ਸਰਕਾਰ ਵਲੋਂ ਘੋੜਾ ਪਾਲਕਾਂ ਨੂੰ ਰਾਹਤ ਦਿੰਦਿਆਂ ਘੋੜਿਆਂ ਦੇ ਮੰਡੀਆਂ ਵਿਚ ਦਾਖਲੇ ਤੋਂ ਪਾਬੰਦੀ ਹਟਾ ਲਈ ਗਈ ਹੈ। ਇਸ ਦੇ ਸਬੰਧ ਵਿਚ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿਲੋਂ ਦੀ ਅਗਵਾਈ ਵਿੱਚ ਗੁਰੂ ਗੋਬਿੰਦ ਸਿੰਘ ਹੌਰਸ ਬਰੀਡਰਜ਼ ਸੁਸਾਇਟੀ ਪੰਜਾਬ ਦੇ ਮੈਂਬਰਾਂ ਦਾ ਇਕ ਵਫ਼ਦ ਪਸ਼ੂ ਪਾਲਣ ਮੰਤਰੀ ਸ. ਬਲਵੀਰ ਸਿੰਘ ਸਿੱਧੂ ਨੂੰ ਮਿਲਿਆ,
ਇਸ ਦੌਰਾਨ ਘੋੜਿਆਂ ਦੀਆਂ ਮੰਡੀਆਂ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੈਕਟਰੀ ਪਿੰਦਰ ਸ਼ੇਰੇਵਾਲਾ ਨੇ ਦਸਿਆ ਕਿ ਦਿੱਲੀ, ਯੂ.ਪੀ. ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਘੋੜਿਆਂ ਨੂੰ ਖਤਰਨਾਕ ਬਿਮਾਰੀ ਗਲੈਂਡਰ ਪਾਈ ਗਈ ਸੀ, ਜਿਸ ਕਰ ਕੇ ਸਰਕਾਰ ਵਲੋਂ ਘੋੜਾ ਮੰਡੀਆਂ ਬੰਦ ਕਰ ਦਿਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਸ ਬਿਮਾਰੀ ਨਾਲ ਪੀੜਤ ਕੋਈ ਕੇਸ ਸਾਹਮਣੇ ਨਹੀਂ ਆਇਆ ਸੀ, ਪਰ ਫਿਰ ਵੀ ਸੁਰੱਖਿਆ ਵਜੋਂ ਪੰਜਾਬ ਵਿਚ ਵੀ ਘੋੜਾ ਮੰਡੀਆਂ ਬੰਦ ਕਰ ਦਿਤੀਆਂ ਗਈਆਂ ਸਨ।
ਹੁਣ ਉਕਤ ਬਿਮਾਰੀ ਉਤਰੀ ਭਾਰਤ ਵਿਚੋਂ ਹੋਣ ਪੂਰੀ ਤਰ੍ਹਾਂ ਖਤਮ ਹੋ ਚੱਕੀ ਹੈ, ਜਿਸ ਸਬੰਧੀ ਦਿੱਲੀ, ਯੂ.ਪੀ. ਅਤੇ ਰਾਜਸਥਾਨ ਸਮੇਤ ਉਤਰੀ ਭਾਰਤ ਵਿਚੋਂ ਕੀਤੇ ਗਏ ਪਸ਼ੂ ਪਾਲਣ ਮਹਿਕਮੇ ਵਲੋਂ ਕੀਤੇ ਗਏ ਚੈੱਕਅਪ ਦੌਰਾਨ ਕੋਈ ਕੇਸ ਸਾਹਮਣੇ ਨਹੀਂ ਆਇਆ। ਪਿੰਦਰ ਸ਼ੇਰੇਵਾਲਾ ਨੇ ਕਿਹਾ ਕਿ ਘੋੜਾ ਪਾਲਕ ਨੂੰ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ
ਕਿ ਮੰਡੀ ਵਿੱਚ ਆਪਣਾ ਜਾਨਵਰ ਲਿਆਉਣ ਤੋਂ ਪਹਿਲਾਂ ਪਸ਼ੂ ਪਾਲਣ ਮਹਿਕਮਾ ਦੇ ਡਾਕਟਰ ਪਾਸੋਂ ਤੰਦਰੁਸਤੀ ਸਬੰਧੀ ਸਰਟੀਫਿਕੇਟ ਜਰੂਰ ਲਵੇ। ਇਸ ਮੌਕੇ ਪਿੰਦਰ ਸ਼ੇਰੇਵਾਲਾ ਨੇ ਘੋੜਾ ਪਾਲਕਾਂ ਨੂੰ ਵਿਸੇਸ਼ ਤੌਰ ਤੇ ਅਪੀਲ ਕੀਤੀ ਕਿ ਉਹ ਇਸ ਸਬੰਧੀ ਪੂਰਨ ਸਹਿਯੋਗ ਕਰਨ ਅਤੇ ਉਕਤ ਬਿਮਾਰੀ ਦੇ ਖਾਤਮੇ ਲਈ ਘੋੜਿਆਂ ਦਾ ਖੂਨ ਚੈੱਕ ਕਰਵਾ ਕੇ ਸਰਟੀਫ਼ਿਕੇਟ ਲੈਣ ਤਾਂ ਜੋ ਪਸ਼ੂ ਮੰਡੀ ਵਿਚ ਦਾਖਲ ਹੋਣ ਵੇਲੇ ਕੋਈ ਮੁਸ਼ਕਿਲ ਪੇਸ਼ ਨਾ ਆਵੇ।