
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਠਿੰਡਾ ਪੁਲਿਸ ਵਲੋਂ ਨਸ਼ਾ ਪੀੜਤ ਵਿਅਕਤੀਆਂ ਨੂੰ ਮੁੜ ਸਹੀ ਰਾਹ 'ਤੇ ਲਿਆਉਣ ਲਈ ਕਈ ਪਿੰਡਾਂ ਦੇ ਵਿਦਿਅਕ ਅਦਾਰਿਆਂ 'ਚ ਜਾਗਰੂਕਤਾ...........
ਬਠਿੰਡਾ (ਦਿਹਾਤੀ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਠਿੰਡਾ ਪੁਲਿਸ ਵਲੋਂ ਨਸ਼ਾ ਪੀੜਤ ਵਿਅਕਤੀਆਂ ਨੂੰ ਮੁੜ ਸਹੀ ਰਾਹ 'ਤੇ ਲਿਆਉਣ ਲਈ ਕਈ ਪਿੰਡਾਂ ਦੇ ਵਿਦਿਅਕ ਅਦਾਰਿਆਂ 'ਚ ਜਾਗਰੂਕਤਾ ਸੈਮੀਨਾਰ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਪੁਲਿਸ ਵਲੋਂ ਉਨ੍ਹਾਂ ਨਸ਼ਾ ਪੀੜਤਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਜਿਹੜੇ ਕਿ ਨਸ਼ਾਂ ਛੱਡ ਗਏ ਹਨ। ਇਨ੍ਹਾਂ ਯਤਨਾ ਸਦਕਾ ਪਿੰਡ ਬਾਂਡੀ ਅਤੇ ਲੇਲੇਵਾਲਾ ਦੇ ਕੁਝ ਪਰਿਵਾਰਾਂ ਨੇ ਆਪਣੇ ਆਪ ਨੂੰ ਨਸ਼ੇ ਤੋਂ ਮੁਕਤ ਘੋਸ਼ਤ ਕਰਦਿਆਂ ਆਪਣੇ-ਆਪਣੇ ਘਰਾਂ ਦੇ ਬਾਹਰ ਇਸ ਸਬੰਧੀ ਬੋਰਡ ਵੀ ਲਗਾਏੇ ਹਨ।
ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਾਂਡੀ ਅਤੇ ਲੇਲੇਵਾਲਾ ਪਿੰਡਾਂ 'ਚ ਨਸ਼ਾ ਮੁਕਤੀ ਨੂੰ ਲੈ ਕੇ ਆਮ ਜਨਤਾ 'ਚ ਬੜਾ ਉਤਸ਼ਾਹ ਹੈ। ਇਸ ਕਾਰਨ ਕਈ ਘਰਾਂ ਨੇ ਆਪਣੇ ਆਪ ਨੂੰ ਨਸ਼ੇ ਤੋਂ ਮੁਕਤ ਦਾ ਐਲਾਨ ਕਰਦਿਆਂ ਆਪਣੇ ਘਰਾਂ ਦੇ ਬਾਹਰ ਤਖ਼ਤੀਆਂ ਲਗਾਈਆਂ ਹਨ ਜਦਕਿ ਪਿੰਡ ਬਾਂਡੀ 'ਚ ਨਸ਼ਾ ਛੱਡਣ ਵਾਲੇ 40 ਵਿਅਕਤੀਆਂ ਸਣੇ ਪਿੰਡ ਲੇਲੇਵਾਲਾ ਵਿਖੇ 6 ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨਸ਼ਾਂ ਪੀੜਤਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਲਾਜ ਕਰਵਾ ਕੇ ਵਘੀਆ ਜਿੰਦਗੀ ਬਸਰ ਕਰਨ।
ਉਧਰ ਪਿੰਡ ਹਿੰਮਤਪੁਰਾ ਵਿਖੇ ਬਾਬਾ ਅਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਯੂਥ ਕਲੱਬ ਨੇ ਨਸ਼ਿਆਂ ਸਬੰਧੀ ਕਈ ਥਾਵਾਂ ਉਪਰ ਬੈਨਰ ਲਗਾਏ ਜਦਕਿ ਪਿੰਡ ਅੰਦਰ ਨਸ਼ਿਆਂ ਖਿਲਾਫ ਮੁਹਿੰਮ ਵਿੱਢ ਕੇ ਸ਼ਲਾਘਾਯੋਗ ਕਮਦ ਉਠਾਏ। ਨੇਹੀਆਵਾਲਾ ਪੁਲਿਸ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਨਸ਼ਿਆਂ ਦੇ ਖਿਲਾਫ਼, ਟ੍ਰੈਫਿਕ ਨਿਯਮਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਬਾਰੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਨਗਰ ਪੰਚਾਇਤ ਮਹਿਰਾਜ ਵਿਖੇ ਸਟੇਡੀਅਮ ਦੀ ਸਫ਼ਾਈ ਕਰਨ ਦੇ ਨਾਲ ਫਲ ਅਤੇ ਸਬਜ਼ੀਆਂ ਵਾਲੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ।
ਨਗਰ ਪੰਚਾਇਤ ਮਲੂਕਾ, ਭਾਈਰੂਪਾ ਅਤੇ ਮੰਡੀ ਕਲਾਂ ਵਿਖੇ ਗਲੀਆਂ ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਖੇਤੀਬਾੜੀ ਵਿਭਾਗ ਵਲੋਂ ਪਿੰਡ ਬਲਾਹੜ ਵਿੰਝੂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਵਿਭਾਗ ਵਲੋਂ ਪਿੰਡ ਜੱਸੀ ਬਾਗ ਵਾਲੀ ਬਲਾਕ ਸੰਗਤ ਵਿਖੇ ਨਰਮੇ ਦੀ ਖੇਤੀ ਦਾ ਜਾਇਜ਼ਾ ਲਿਆ ਗਿਆ। ਸਿਹਤ ਵਿਭਾਗ ਵਲੋਂ ਈਜ਼ੀ ਡੇਅ ਸਟੋਰ ਦੀ ਚੈਕਿੰਗ ਕੀਤੀ ਗਈ ਅਤੇ ਉੱਥੇ ਦੇ ਕਰਮਚਾਰੀਆਂ ਨੂੰ ਸਟੋਰ ਸਾਫ਼ ਰੱਖਣ ਸਬੰਧੀ ਪ੍ਰੇਰਿਆ ਗਿਆ।
ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਸਟਾਰ ਟ੍ਰਾਂਸਫਾਰਮਰ ਅਤੇ ਸੁਪਰ ਸਟੀਲ ਇੰਡਸਟਰੀ ਡਬਵਾਲੀ ਰੋਡ ਵਿਖੇ ਸਨਅਤ ਦਾ ਆਲਾ-ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਆ ਗਿਆ। ਇਸੇ ਤਰ੍ਹਾਂ ਯੁਵਕ ਸੇਵਾਵਾਂ ਕੇਂਦਰ ਵਲੋਂ ਐਨ.ਐਸ.ਐਸ. ਯੂਨਿਟ ਭੋਖੜਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਦੀ ਸਫ਼ਾਈ ਕਰਵਾਈ ਗਈ ਅਤੇ ਕੋਟਸ਼ਮੀਰ ਵਿਖੇ ਪੌਦੇ ਲਗਾਏ ਗਏ।