
ਪੀ.ਐਸ.ਪੀ.ਸੀ.ਐਲ ਦੇ ਭਰੋਸੇ ਬਾਅਦ ਮੁਲਾਜ਼ਮਾਂ ਨੂੰ ਸੂਬਾ ਪੱਧਰੀ ਧਰਨੇ ਦਾ ਪ੍ਰੋਗਰਾਮ ਲਿਆ ਵਾਪਸ
ਚੰਡੀਗੜ੍ਹ, 10 ਅਗੱਸਤ (ਭੁੱਲਰ) : ਪੀ.ਐਸ.ਪੀ.ਐਲ ਮਨੇਜਮੈਂਟ ਦੀ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਆਗੂਆਂ ਨਾਲ ਅੱਜ ਦੇਰ ਸ਼ਾਮ ਹੋਈ ਮੀਟਿੰਗ ’ਚ ਮੰਗਾ ਬਾਰੇ ਭਰੋਸਾ ਮਿਲਣ ਬਾਅਦ ਮੰਚ ਵਲੋਂ 11 ਅਗੱਸਤ ਨੂੰ ਪਟਿਆਲਾ ਵਿਖੇ ਮੁੱਖ ਦਫ਼ਤਰ ਅੱਗੇ ਦਿਤੇ ਜਾਣ ਵਾਲੇ ਸੂਬਾ ਪੱਧਰੀ ਧਰਨੇ ਦਾ ਪ੍ਰੋਗਰਾਮ ਵਾਪਸ ਲੈ ਲਿਆ ਹੈ। ਮਨੇਜਮੈਂਟ ਵਲੋਂ ਮੰਚ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਪ੍ਰਸਾਸ਼ਕੀ ਡਾਇਰੈਕਟਰ ਆਰ.ਪੀ. ਪਾਂਡਵ ਨੇ ਕੀਤੀ।
ਇਸ ’ਚ ਡਾਇਰੈਕਟਰ ਵਿੱਤ ਜਤਿੰਦਰ ਗੋਇਲ, ਇੰਜੀਨੀਅਰ ਗੋਪਾਲ ਸ਼ਰਮਾ ਡਾਇਰੈਕਟਰ ਵਣਜ ਅਤੇ ਉਪ ਸਕੱਤਰ ਬੀ.ਐਸ. ਗੁਰਮ ਸ਼ਾਮਲ ਹੋਏ। ਮੁਲਾਜਮ ਮੰਚ ਵਲੋਂ ਕਨਵੀਨਰ ਮਨਜੀਤ ਸਿੰਘ ਚਾਹਲ ਅਤੇ ਹੋਰ ਅਹੁਦੇਦਾਰ ਵੀਡੀਉ ਕਾਨਫਰੰਸਿੰਗ ਰਾਹੀਂ ਜੁੜੇ। ਮੁਲਾਜ਼ਮ ਮੰਚ ਵਲੋਂ ਉਠਾਈਆਂ ਮੰਗਾਂ ’ਚ ਪ੍ਰਵਾਨ ਕੀਤੀਆਂ ਮੁੱਖ ਮੰਗਾ ’ਚ ਪੰਜਾਬ ਸਰਕਾਰ ਵਲੋਂ ਜਾਰੀ ਪੇ ਮੈਟਰਿਕਸ ਦੇ ਅਨੁਸਾਰ ਅਪਣੀ ਪ੍ਰੋਵੀਜ਼ਨਲ ਆਪਸ਼ਨ ਦੇਣ ਵਾਲੇ ਬਿਜਲੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੇਂ ਪੇ ਕਮਿਸ਼ਨ ਮੁਤਾਬਕ ਅਗੱਸਤ ਮਹੀਨੇ ਤੋਂ ਤਨਖ਼ਾਹ ਦਿਤੀ ਜਾਵੇਗੀ।
23 ਸਾਲਾ ਲਾਭ ਸਾਰੇ ਕਰਮਚਾਰੀਆਂ ’ਤੇ ਤੀਜੀ ਤਰੱਕੀ ਤਕ ਲਾਗੂ ਕਰਨ, ਮੋਬਾਈਲ ਭੱਤਾ ਪੰਜਾਬ ਪੈਟਰਨ ’ਤੇ ਦੇਣ, ਸਾਹਇਕ ਲਾਈਨਮੈਨਾਂ ਦੀਆਂ ਤਰੱਕੀਆਂ ਅਤੇ ਰਟਾਇਰ ਹੋਏ ਕਰਮਚਾਰੀਆਂ ਨੂੰ ਲੀਵ ਇਨਕੈਸ਼ਮੈਂਟ, ਗਰੈਚੂਟੀ ਤੇ ਹੋਰ ਅਦਾਇਗੀ ਜਾਰੀ ਕਰਨ ਦੀਆਂ ਮੰਗਾਂ ’ਤੇ ਵੀ ਸਹਿਮਤੀ ਦਿਤੀ ਗਈ ਹੈ। ਪੰਜਾਬ ਸਰਕਾਰ ਵਲੋਂ ਬਣਾਈ ਜਾਣ ਵਾਲੀ ਨੀਤੀ ਤਹਿਤ ਕੱਚੇ ਕਾਮਿਆਂ ਨੂੰ ਰੈਗੁਲਰ ਕਰਨ ਦਾ ਭਰੋਸਾ ਦਿਤਾ ਗਿਆ ਹੈ।