
ਰਾਕੇਸ਼ ਟਿਕੈਤ ਨੇ ਕਿਸਾਨਾਂ ’ਚ ਭਰਿਆ ਜੋਸ਼
‘ਹੱਕਾਂ ਦੀ ਲੜਾਈ ਲੜ ਲਉ ਨਹੀਂ ਤਾਂ ਜ਼ਮੀਨ ਨਹੀਂ ਬਚੇਗੀ’
ਨਵੀਂ ਦਿੱਲੀ, 10 ਅਗੱਸਤ : ਕਿਸਾਨ ਮਹਾਂਪੰਚਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨ 9 ਮਹੀਨਿਆਂ ਤੋਂ ਦਿੱਲੀ ਬਾਰਡਰ ’ਤੇ ਬੈਠੇ ਹਨ।
9 ਮਹੀਨੇ ਅੰਦੋਲਨ ਕਰਨਾ ਛੋਟਾ ਕੰਮ ਨਹੀਂ ਪਰ ਕਿਸਾਨ ਹਟੇਗਾ ਨਹੀਂ, ਹੁਣ ਤਾਂ ਕਿਸਾਨਾਂ ਨੂੰ ਆਦਤ ਪੈ ਗਈ ਹੈ। ਇਹ ਕਿਸਾਨ ਸਰਦੀ-ਗਰਮੀ ਦੇ ਮੌਸਮ ਵਿਚ ਵੀ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਬਦੌਲਤ ਦੁਨੀਆਂ ਭਰ ਦੇ ਕਿਸਾਨ ਟਰੈਕਟਰ ਚਲਾਉਣਾ ਸਿੱਖ ਗਏ। ਵਿਦੇਸ਼ਾਂ ਵਿਚ ਵੀ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਕਿਸਾਨਾਂ ਦੀ ਗੱਲ ਕਿਉਂ ਨਹੀਂ ਮੰਨ ਰਹੀ। ਉਹਨਾਂ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਬਣਾਈ ਸੀ ਉਨ੍ਹਾਂ ਨੂੰ ਘਰਾਂ ਵਿਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਨੂੰ ਬਿਆਨ ਦੇਣ ਦਾ ਵੀ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਪਾਰਟੀ ਦੀ ਸਰਕਾਰ ਨਹੀਂ ਬਲਕਿ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਇਸ ਸਰਕਾਰ ਨੂੰ ਅੰਬਾਨੀ-ਅਡਾਨੀ ਚਲਾ ਰਹੇ ਹਨ।
ਰਾਕੇਸ਼ ਟਿਕੈਤ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਤੋਂ ਬਾਅਦ ਕਿਸਾਨ ਖੇਤੀ ਨਹੀਂ ਕਰਨਗੇ। ਕੰਪਨੀਆਂ ਖੇਤੀ ਕਰਨਗੀਆਂ ਤੇ ਕਿਸਾਨ ਮਜ਼ਦੂਰੀ ਕਰਨਗੇ। ਪੂਰੇ ਦੇਸ਼ ਦੀਆਂ ਜ਼ਮੀਨਾਂ ਵੱਡੀਆਂ-ਵਡੀਆਂ ਕੰਪਨੀਆਂ ਖਰੀਦਣਗੀਆਂ, ਕਿਸਾਨ ਸੜਕਾਂ ਤੇ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਤੁਸੀਂ ਲੜਾਈ ਲੜੋ, ਆਉਣ ਵਾਲੀਆਂ ਪੀੜੀਆਂ
ਲੜਾਈ ਨਹੀਂ ਲੜ ਸਕਣਗੀਆਂ। ਉਨ੍ਹਾਂ ਕਿਹਾ ਇਹਨਾਂ ਕਾਨੂੰਨਾਂ ਦਾ ਅਸਲ ਪ੍ਰਭਾਵ 30-50 ਸਾਲਾਂ ਬਾਅਦ ਦੇਖਣ ਨੂੰ ਮਿਲੇਗਾ, ਭਾਰਤ ਦੀ ਜ਼ਮੀਨ ਬੰਜਰ ਹੋ ਜਾਵੇਗੀ। ਇਸ ਲਈ ਲੜਾਈ ਲੜ ਲਉ ਨਹੀਂ ਤਾਂ ਜ਼ਮੀਨ ਨਹੀਂ ਬਚੇਗੀ। ਇਹ ਲੜਾਈ ਨਸਲਾਂ ਅਤੇ ਫ਼ਸਲਾਂ ਨੂੰ ਬਚਾਉਣ ਲਈ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਸਰਕਾਰ ਕਿਸਾਨ ਮੋਰਚੇ ਦੇ ਕਾਬੂ ਵਿਚ ਨਹੀਂ ਆ ਰਹੀ, ਜਿਸ ਨੂੰ 500 ਤੋਂ ਜ਼ਿਆਦਾ ਸੰਗਠਨਾਂ ਦਾ ਸਮਰਥਨ ਹੈ। ਉਨ੍ਹਾਂ ਕਿਹਾ ਇਹ ਸਰਕਾਰ ਕਿਸੇ ਇਕ ਸੰਗਠਨ ਦੇ ਕਾਬੂ ਵਿਚ ਨਹੀਂ ਆਵੇਗੀ। ਸੱਭ ਨੂੰ ਇਕੱਠਾ ਹੋਣਾ ਪਵੇਗਾ। ਕਿਸਾਨ ਸੰਸਦ ਬਾਰੇ ਗੱਲ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਸੰਸਦ ਵਿਚ ਕਈ ਸਿਆਸੀ ਪਾਰਟੀਆ ਆਈਆਂ ਪਰ ਉਨ੍ਹਾਂ ਨੂੰ ਸਟੇਜ ’ਤੇ ਬੋਲਣ ਦੀ ਮਨਜ਼ੂਰੀ ਨਹੀਂ ਦਿਤੀ ਗਈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਕਿਸਾਨੀ ਸਟੇਜ ’ਤੇ ਆਉਣ ਦੀ ਮਨਜ਼ੂਰੀ ਨਹੀਂ ਹੈ। ਕਿਸਾਨ ਆਗੂ ਨੇ ਇਲਾਕੇ ਦੇ ਕਿਸਾਨਾਂ ਨੂੰ 5 ਸਤੰਬਰ ਨੂੰ ਮੁਜ਼ੱਫਰਨਗਰ ਵਿਚ ਹੋਣ ਵਾਲੀ ਮਹਾਂਪੰਚਾਇਤ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਲਈ ਕਿਹਾ। (ਏਜੰਸੀ)