
ਵਿਦੇਸ਼ਾਂ ਵਿਚ ਜਾਣ ਵਾਲੇ ਸੰਤ, ਬਾਬੇ ਤੇ ਪ੍ਰਚਾਰਕ ਪਹਿਲਾਂ ਪੰਜਾਬ ’ਚ ਸਿੱਖੀ ਨੂੰ ਮਜ਼ਬੂਤ ਕਰਨ : ਮਾਨ
ਕੋਟਕਪੂਰਾ, 10 ਅਗੱਸਤ (ਗੁਰਿੰਦਰ ਸਿੰਘ) : ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਦ ਰੋਸ ਹੈ ਕਿ ਗੁਰੂ ਦੀ ਬੇਅਦਬੀ ਅਤੇ ਨਿਰਦੋਸ਼ ਸਿੱਖਾਂ ਉਪਰ ਹੋਏ ਅਤਿਆਚਾਰ ਵਾਲੇ ਘਟਨਾਕ੍ਰਮ ਦਾ ਇਨਸਾਫ਼ ਲੈਣ ਲਈ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਸੰਪਰਦਾਵਾਂ ਸਹਿਯੋਗ ਨਹੀਂ ਕਰ ਰਹੀਆਂ।
ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਇਨਸਾਫ਼ ਮੋਰਚੇ ਦੇ 41ਵੇਂ ਦਿਨ ਅਪਣੇ ਸੰਬੋਧਨ ਦੌਰਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅਪੀਲ ਕੀਤੀ ਕਿ ਜਿਨ੍ਹਾਂ ਸੰਤ ਬਾਬਿਆਂ, ਪ੍ਰਚਾਰਕਾਂ, ਰਾਗੀਆਂ, ਢਾਡੀਆਂ ਆਦਿ ਦੇ ਕੋਵਿਡ ਕਰ ਕੇ ਵਿਦੇਸ਼ਾਂ ਦੇ ਵੀਜ਼ੇ ਨਹੀਂ ਲੱਗ ਰਹੇ, ਉਹ ਗੁਰੂ ਦੀ ਹੋਈ ਬੇਅਦਬੀ ਦਾ ਇਨਸਾਫ਼ ਲੈਣ ਵਾਲੇ ਚਲ ਰਹੇ ਸੰਘਰਸ਼ ਵਿਚ ਯੋਗਦਾਨ ਪਾਉਣ।
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਨਸਾਫ਼ ਦੀ ਲੜਾਈ ਲੜ ਰਹੇ ਸਿੱਖਾਂ ਨੂੰ ਕੋਈ ਸੁਰੱਖਿਆ ਗਾਰਡ ਨਹੀਂ ਜਦਕਿ ਦੋਸ਼ੀ ਮੰਨੇ ਜਾਂਦੇ ਡੇਰਾ ਪੇ੍ਰਮੀਆਂ ਨੂੰ ਪੰਜਾਬ ਪੁਲਿਸ ਦੇ ਗੰਨਮੈਨ ਮੁਹਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਸਿੱਖੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਡੇਰੇਦਾਰਾਂ ਅਤੇ ਹੋਰ ਪ੍ਰਚਾਰਕਾਂ ਨੂੰ ਆਖਿਆ ਕਿ ਪਹਿਲਾਂ ਪੰਜਾਬ ਵਿਚ ਸਿੱਖੀ ਨੂੰ ਮਜ਼ਬੂਤ ਕਰੋ ਤੇ ਫਿਰ ਵਿਦੇਸ਼ਾਂ ਵਿਚ ਜਾਣ ਬਾਰੇ ਸੋਚੋ? ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ 85 ਫ਼ੀ ਸਦੀ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਗੁਲਾਮਾਂ ਵਾਲਾ ਜੀਵਨ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਭਗਵੰਤ ਮਾਨ, ਸੁਖਬੀਰ ਬਾਦਲ, ਅਰਵਿੰਦ ਕੇਜਰੀਵਾਲ ਵਰਗੇ ਸਿਆਸਤਦਾਨ ਆਪੋ ਅਪਣੀ ਸਰਕਾਰ ਬਣਾਉਣ ਦੀ ਰਣਨੀਤੀ ਅਤੇ ਵਿਉਂਤਬੰਦੀ ਵਿਚ ਲੱਗੇ ਹੋਏ ਹਨ ਪਰ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਕਿਸੇ ਨੂੰ ਸੋਚਣ ਦੀ ਜ਼ਰੂਰਤ ਹੀ ਨਹੀਂ ਲਗਦੀ। ਅੱਜ 38ਵੇਂ ਜਥੇ ਵਿਚ ਸ਼ਾਮਲ ਉਤਰਾਖੰਡ ਤੋਂ ਉਚੇਚੇ ਤੌਰ ’ਤੇ ਪੁੱਜੇ ਯੂਥ ਵਿੰਗ ਦੇ ਛੇ ਨੌਜਵਾਨਾ ਸੂਬਾ ਸਿੰਘ, ਕੁਲਵੰਤ ਸਿੰਘ, ਜਸਕਰਨ ਸਿੰਘ, ਜਗਜੀਤ ਸਿੰਘ, ਅਜੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਬੰਧੀ ਨਾਹਰੇਬਾਜ਼ੀ ਵੀ ਕੀਤੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-10-8ਐੱਚ