
ਐਮ.ਪੀ. ਢੇਸੀ, ਜੋ ਇਕ ਦਹਾਕੇ ਤੋਂ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਹਨ, ਨੇ ਬੇਨਤੀ ਕੀਤੀ ਕਿ ਗੱਤਕੇ ਦੇ ਨਾਲ-ਨਾਲ ਕਬੱਡੀ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣ
ਚੰਡੀਗੜ੍ਹ: ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਵਿਖੇ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ, ਇਸ ਮੌਕੇ ਉਨ੍ਹਾਂ ਦੇ ਚਾਚਾ ਪਰਮਜੀਤ ਸਿੰਘ ਰਾਏਪੁਰ (ਐਸਜੀਪੀਸੀ ਮੈਂਬਰ, ਆਦਮਪੁਰ) ਅਤੇ ਉਨ੍ਹਾਂ ਦੇ ਪੁੱਤਰ ਜੁਗਾਦ ਸਿੰਘ ਢੇਸੀ ਦੇ ਨਾਲ ਸਨ।ਜਗਰੂਪ ਸਿੰਘ ਸੇਖਵਾਂ (ਜਨਰਲ ਸਕੱਤਰ, ਆਪ), ਚੇਅਰਮੈਨ ਗੁਰਦੇਵ ਸਿੰਘ ਅਤੇ ਹੋਰ ਸੀਨੀਅਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
UK MP Dhesi meets Revenue Minister Jimpa and Sports Minister Hayer
ਖੇਡ ਮੰਤਰੀ ਹੇਅਰ ਨੇ ਪੰਜਾਬੀਆਂ ਵਿਚ ਖੇਡਾਂ ਵਿਚ ਭਾਗੀਦਾਰੀ ਵਧਾਉਣ ਲਈ ਵੱਖ-ਵੱਖ ਪਹਿਲਕਦਮੀਆਂ ਬਾਰੇ ਦਸਿਆ, ਜਿਸ ਵਿਚ ਚੋਟੀ ਦੇ ਖਿਡਾਰੀਆਂ ਅਤੇ ਔਰਤਾਂ ਨੂੰ ਉਤਸ਼ਾਹਤ ਕਰਨਾ ਸ਼ਾਮਲ ਹੈ। ਐਮ.ਪੀ. ਢੇਸੀ, ਜੋ ਪਿਛਲੇ ਇਕ ਦਹਾਕੇ ਤੋਂ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਹਨ, ਨੇ ਬੇਨਤੀ ਕੀਤੀ ਕਿ ਗੱਤਕੇ ਦੇ ਨਾਲ-ਨਾਲ ਪੰਜਾਬੀ ਖੇਡ ਕਬੱਡੀ ਨੂੰ ਉੱਚਾ ਚੁੱਕਣ ਲਈ ਹੋਰ ਉਪਰਾਲੇ ਕੀਤੇ ਜਾਣ।
ਐਮ.ਪੀ. ਢੇਸੀ ਨੇ ਇਹ ਵੀ ਬੇਨਤੀ ਕੀਤੀ ਕਿ ਗੈਰ-ਨਿਵਾਸੀ ਭਾਰਤੀਆਂ ਨੂੰ ਉਨ੍ਹਾਂ ਦੇ ਜ਼ਮੀਨੀ ਝਗੜਿਆਂ ਲਈ ਨਿਆਂ ਦਿਵਾਉਣ ਲਈ ਕਾਰਵਾਈ ਕੀਤੀ ਜਾਵੇ, ਜਦੋਂ ਉਨ੍ਹਾਂ ਦੀ ਜਾਇਦਾਦ ਗੈਰ-ਕਾਨੂੰਨੀ ਤੌਰ 'ਤੇ ਜ਼ਬਤ ਕੀਤੀ ਜਾਂਦੀ ਹੈ। ਮੰਤਰੀਆਂ ਨੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਉਹ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ, ਕਿਉਂਕਿ ਉਹ ਹੋਰ ਨਿਵੇਸ਼ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਨ। ਮਾਲ ਮੰਤਰੀ ਜਿੰਪਾ ਨੇ ਇਹ ਵੀ ਦਸਿਆ ਕਿ ਜੇਕਰ ਕਿਸੇ ਪ੍ਰਵਾਸੀ ਭਾਰਤੀ ਨੂੰ ਅਜਿਹੀ ਕੋਈ ਸਮੱਸਿਆ ਹੈ, ਤਾਂ ਉਹ ਇਸ ਮੁੱਦੇ ਦੇ ਵੇਰਵੇ ਸਿੱਧੇ ਨਵੇਂ ਸਰਕਾਰੀ ਨੰਬਰ +91 94641 00168 'ਤੇ ਵਟਸਐਪ ਕਰ ਦੇਵੇ ਅਤੇ ਉਚਿਤ ਕਾਰਵਾਈ ਕੀਤੀ ਜਾਵੇਗੀ।