
'ਜੇਲ ਭਰੋ ਮੋਰਚੇ' ਤਹਿਤ ਚੌਥੇ ਦਿਨ ਵੀ ਡੀ.ਸੀ ਦਫ਼ਤਰਾਂ ਅੱਗੇ ਡਟੇ ਰਹੇ ਕਿਸਾਨ ਤੇ ਮਜ਼ਦੂਰ
ਅੱਜ ਜੇਲਾਂ ਅੱਗੇ ਜਾ ਕੇ ਗ੍ਰਿਫ਼ਤਾਰੀਆਂ ਦੇਣ ਦਾ ਕੀਤਾ ਐਲਾਨ
ਚੰਡੀਗੜ੍ਹ, 10 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਵਲੋਂ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿਲ 2020 ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਚੌਥੇ ਦਿਨ ਵੀ ਡੀ ਸੀ ਦਫ਼ਤਰਾਂ ਅੱਗੇ ਪੱਕਾ ਮੋਰਚਾ ਜੇਲ ਭਰੋ ਜਾਰੀ ਹੈ ਅਤੇ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਦੇ ਜਥਿਆਂ ਨੇ ਅਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਨਿਜੀਕਰਨ ਦੀਆਂ ਨੀਤੀਆਂ ਲਾਗੂ ਕਰਦਿਆਂ ਇਕ ਦੇਸ਼ ਇਕ ਮੰਡੀ ਬਾਜ਼ਾਰ ਦੇ ਨਾਮ ਉਤੇ ਕੀਤੇ ਤਿੰਨੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿਲ ਕਿਸਾਨੀ ਕਿੱਤੇ ਦੀ ਹੋਂਦ ਮਿਟਾਉਣ ਵਾਲੇ ਹਨ ਤੇ ਸੂਬਿਆਂ ਦੇ ਅਧਿਕਾਰਾਂ ਨੂੰ ਖੋਹ ਕੇ ਸੰਘੀ ਢਾਂਚਾ ਤੋੜਨ ਵਾਲੇ ਹਨ। ਪੰਜਾਬ ਦੀ ਆਰਥਿਕਤਾ ਖੇਤੀ ਆਧਾਰਤ ਹੋਣ ਕਰ ਕੇ ਉਕਤ ਆਰਡੀਨੈਂਸਾਂ ਦਾ ਸੱਭ ਤੋਂ ਵੱਧ ਪ੍ਰਭਾਵ ਪੰਜਾਬ ਦੇ ਲੋਕਾਂ 'ਤੇ ਪੈਣਾ ਹੈ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਜਾਂ ਤਾਂ ਉਕਤ ਆਰਡੀਨੈਂਸ ਰੱਦ ਕੀਤੇ ਜਾਣ ਜਾਂ ਕਿਸਾਨ ਜਥਿਆਂ ਨੂੰ ਜੇਲਾਂ ਅੰਦਰ ਡਕਿਆ ਜਾਵੇ। ਕਿਸਾਨ ਆਗੂਆਂ ਨੇ ਇਸ ਮੌਕੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਲਾਗਤ ਖ਼ਰਚਿਆਂ ਵਿਚ ਪੰਜਾਹ ਫ਼ੀ ਸਦੀ ਮੁਨਾਫ਼ਾ ਜੋੜ ਕੇ ਦਿਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਅਤੇ ਜਥਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ 11 ਸਤੰਬਰ ਨੂੰ ਸਾਰੀਆਂ ਜੇਲਾਂ ਅੱਗੇ ਜਾ ਕੇ ਗ੍ਰਿਫ਼ਤਾਰੀਆਂ ਦਿਤੀਆਂ ਜਾਣਗੀਆਂ। ਇਥੇ ਖ਼ਾਸ ਜ਼ਿਕਰ ਕਰਨਾ ਬਣਦਾ ਹੈ ਕਿ ਭਾਵੇਂ ਇਸ ਅੰਦੋਲਨ ਦਾ ਚੌਥਾ ਦਿਨ ਹੈ ਪਰ ਫਿਰ ਵੀ ਇਨ੍ਹਾਂ ਧਰਨਿਆਂ ਅੰਦਰimage ਭੀੜ ਵਧਦੀ ਹੀ ਜਾ ਰਹੀ ਹੈ ਤੇ ਕਿਸਾਨ ਤੇ ਮਜ਼ਦੂਰ ਅਪਣੀਆਂ ਮੰਗਾਂ ਮੰਨਵਾਉਣ 'ਚ ਬਜ਼ਿੱਦ ਹਨ।
ਫ਼ੋਟੋ : ਕਿਸਾਨ ਧਰਨਾ