
ਦਰਅਸਲ ਇਹ ਵਿਅਕਤੀ ਜਲੰਧਰ ਦਾ ਰਹਿਣ ਵਾਲਾ ਵਿਨੋਦ ਫਕੀਰਾ ਹੈ
ਜਲੰਧਰ - ਕਹਿੰਦੇ ਨੇ ਜੇ ਇਨਸਾਨ ਦੇ ਅੰਦਰ ਉੱਡਣ ਦਾ ਹੌਸਲਾ ਹੋਵੇ ਤਾਂ ਪੰਖ ਮਾਇਨੇ ਨਹੀਂ ਰੱਖਦੇ। ਤੇ ਹੁਣ ਇਕ ਅਜਿਹੀ ਹੀ ਵਿਅਕਤੀ ਅਪਾਹਿਜ ਲੋਕਾਂ ਲਈ ਮਿਸਾਲ ਬਣਿਆ ਹੈ। ਇੱਕ ਪਾਸੇ ਜਿੱਥੇ ਪੰਜਾਬ ਵਿਚ ਕਈ ਤੰਦਰੁਸਤ ਲੋਕ ਜ਼ਿੰਦਗੀ ਤੋਂ ਹਿੰਮਤ ਹਾਰ ਕੇ ਨਸ਼ਿਆਂ ਵਿਚ ਪੈ ਗਏ ਨੇ ਉਧਰ ਹੀ ਦੂਜੇ ਪਾਸੇ ਬਹੁਤ ਸਾਰੇ ਲੋਕ ਏਦਾਂ ਦੇ ਵੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕੁਝ ਅਜਿਹਾ ਕਰ ਦਿਖਾਇਆ ਜੋ ਹਰ ਆਮ ਖ਼ਾਸ ਲਈ ਇੱਕ ਮਿਸਾਲ ਬਣ ਗਿਆ ਹੈ।
ਦਰਅਸਲ ਇਹ ਵਿਅਕਤੀ ਜਲੰਧਰ ਦਾ ਰਹਿਣ ਵਾਲਾ ਵਿਨੋਦ ਫਕੀਰਾ ਹੈ। ਵਿਨੋਦ ਫਕੀਰਾ ਆਪਣੇ ਪੈਰਾਂ ਤੇ ਨਾ ਚੱਲ ਸਕਦੇ ਨੇ ਅਤੇ ਨਾ ਹੀ ਖੜ੍ਹੇ ਹੋ ਸਕਦੇ ਨੇ ਪਰ ਉਹ ਇਕ ਅਜਿਹੀ ਸਖ਼ਸ਼ੀਅਤ ਹੈ ਜਿਸ ਨੇ ਕਦੇ ਹੌਸਲਾ ਨਹੀਂ ਹਾਰਿਆ। ਜਲੰਧਰ ਦੇ ਨਗਰ ਨਿਗਮ ਦਫ਼ਤਰ ਵਿੱਚ ਜਿੱਥੇ ਹਰ ਕੋਈ ਸ਼ਖਸ ਮੋਟਰਸਾਈਕਲ ਸਕੂਟਰ ਤੇ ਚੱਲ ਕੇ ਦਫਤਰ ਪਹੁੰਚਦਾ ਹੈ ਉਥੇ ਹੀ ਇਸੇ ਦਫ਼ਤਰ ਵਿਚ ਵਿਨੋਦ ਫਕੀਰਾ ਆਪਣੇ ਪੈਰਾਂ ਤੇ ਨਹੀਂ ਬਲਕਿ ਆਪਣੇ ਹੱਥਾਂ ਦੇ ਸਹਾਰੇ ਚੱਲ ਕੇ ਆਪਣੇ ਦਫਤਰ ਪਹੁੰਚਦਾ ਹੈ ਅਤੇ ਆਪਣਾ ਕੰਮ ਖੁਦ ਕਰਦਾ ਹੈ।
ਉਹ ਰੋਜ਼ ਸਵੇਰੇ ਜਲੰਧਰ ਤੋਂ ਕਰੀਬ ਵੀਹ ਕਿਲੋਮੀਟਰ ਦੂਰ ਕਰਤਾਰਪੁਰ ਤੋਂ ਆਟੋ ਤੇ ਬਹਿ ਕੇ ਆਪਣੇ ਦਫ਼ਤਰ ਪਹੁੰਚਦੇ ਹਨ ਅਤੇ ਹੱਥਾਂ ਦੇ ਸਹਾਰੇ ਚੱਲ ਕੇ ਦਫਤਰ ਦੇ ਅੰਦਰ ਜਾਂਦੇ ਹਨ। ਵਿਨੋਦ ਕੁਮਾਰ ਸਾਰਾ ਦਿਨ ਇੱਥੇ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਆਟੋ ਤੇ ਬੈਠ ਕੇ ਆਪਣੇ ਘਰ ਲਈ ਰਵਾਨਾ ਹੁੰਦੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਸਲਾਹ ਅਤੇ ਮਾਰਗ ਦਰਸ਼ਨ ਤੋਂ ਬਿਨਾਂ ਇਕ ਕਦਮ ਵੀ ਨਹੀਂ ਚੱਲਦਾ। ਵਿਨੋਦ ਦੂਜਿਆਂ ਕੋਲ ਆਪ ਤੁਰ ਕੇ ਨਹੀਂ ਜਾ ਸਕਦਾ ਪਰ ਲੋਕ ਖੁਦ ਚੱਲ ਕੇ ਉਹਨਾਂ ਕੋਲ ਆਉਂਦੇ ਹਨ।
Vinod Kumar
ਇਹੀ ਨਹੀਂ ਵਿਨੋਦ ਕੁਮਾਰ ਨੂੰ ਲੋਕ ਵਿਨੋਦ ਫਕੀਰਾ ਦੇ ਨਾਮ ਨਾਲ ਵੀ ਬਲਾਉਂਦੇ ਹਨ ਕਿਉਂਕਿ ਉਨ੍ਹਾਂ ਦੇ ਲਿਖਣ ਦੇ ਸ਼ੌਕ ਨੇ ਹੀ ਉਹਨਾਂ ਨੂੰ ਮਸ਼ਹੂਰ ਬਣਾਇਆ ਹੈ। ਆਪਣੀ ਜ਼ਿੰਦਗੀ ਬਾਰੇ ਦੱਸਦੇ ਹੋਏ ਵਿਨੋਦ ਫਕੀਰਾ ਕਹਿੰਦੇ ਨੇ ਕਿ ਜਨਮ ਦੇ ਦੋ ਸਾਲ ਬਾਅਦ ਹੀ ਉਨ੍ਹਾਂ ਨੂੰ ਪੋਲੀਓ ਹੋ ਗਿਆ ਸੀ ਜਿਸ ਕਾਰਨ ਉਹ ਚੱਲ ਫਿਰ ਨਹੀਂ ਸਕਦੇ ਸਨ ਪਰ ਇਸ ਦੇ ਬਾਵਜੂਦ ਆਪਣੇ ਮਾਤਾ ਪਿਤਾ ਦੇ ਸਹਿਯੋਗ ਨਾਲ ਉਨ੍ਹਾਂ ਨੇ ਆਪਣੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਤੋਂ ਕੀਤੀ ਇਸ ਤੋਂ ਬਾਅਦ ਜਨਤਾ ਕਾਲਜ ਕਪੂਰਥਲੇ ਤੋਂ ਬੀਏ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਗਰ ਨਿਗਮ ਦਫ਼ਤਰ ਵਿਚ ਸਰਕਾਰੀ ਨੌਕਕਰੀ ਮਿਲ ਗਈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪੜ੍ਹਾਈ ਵਿਚ ਉਨ੍ਹਾਂ ਦੇ ਮਾਤਾ ਪਿਤਾ ਨੇ ਬਹੁਤ ਸਾਥ ਦਿੱਤਾ। ਉਨ੍ਹਾਂ ਦੇ ਮਾਤਾ ਪਿਤਾ ਉਸ ਨੂੰ ਚੁੱਕ ਕੇ ਸਕੂਲ ਛੱਡ ਕੇ ਆਉਂਦੇ ਤੇ ਲੈ ਕੇ ਵੀ ਆਉਂਦੇ। ਜਿਨ੍ਹਾਂ ਦੀ ਬਦੌਲਤ ਉਹ ਅੱਜ ਪੜ੍ਹ ਲਿਖ ਕੇ ਇਸ ਮੁਕਾਮ ਤੇ ਪੁੱਜੇ ਹਨ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਸਾਹਿਤ, ਕਵਿਤਾਵਾਂ ਤੇ ਰਚਨਾਵਾਂ ਪੜ੍ਹਨ ਦਾ ਵੀ ਬਹੁਤ ਸ਼ੌਕ ਹੈ ਉਹ ਗੱਲ ਨਾਲ ਗੀਤ ਜ਼ਿੰਦਗੀ ਅਨਮੋਲ ਕਵੀ ਸੰਮੇਲਨ ਵਿਚ ਵੀ ਭਾਗ ਲੈਂਦੇ ਹਨ।
Vinod Kumar
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 23 ਮਈ 2019 ਵਿਚ ਮੇਰਾ ਦਰਦ ਮੇਰਾ ਸਰਮਾਇਆ ਨਾਮ ਦੀ ਇੱਕ ਕਿਤਾਬ ਵੀ ਲਿਖੀ ਹੈ। ਜਿਸ ਨੂੰ ਕਾਫੀ ਪਿਆਰ ਮਿਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 26 ਜਨਵਰੀ 2014, 15 ਅਗਸਤ 2015 ਅਤੇ 26 ਜਨਵਰੀ 2019 ਪੰਜਾਬ ਡਿਸਟਿਕ ਅਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਅਤੇ 3 ਦਸੰਬਰ 2015 ਨੂੰ ਡਿਸਐਬਿਲਟੀ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੁਕਾਮ ਤੇ ਪਹੁੰਚਣ ਦਾ ਸਾਰਾ ਸਿਹਰਾ ਮੈਂ ਮੇਰੇ ਮਾਤਾ ਪਿਤਾ ਅਤੇ ਆਪਣੀ ਜੀਵਨ ਸਾਥੀ ਗੁਰਵਸ਼ ਕੌਰ ਨੂੰ ਦਿੰਦਾ ਹਾਂ।