
200 ਅਰਬ ਡਾਲਰ ਮਾਰਕੀਟ ਕੈਪ ਛੂਹਣ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ ਰਿਲਾਇੰਸ
ਨਵੀਂ ਦਿੱਲੀ, 10 ਸਤੰਬਰ : ਦੇਸ਼ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਵੀਰਵਾਰ ਨੂੰ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਅੱਜ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ ਜਿਸ ਨੇ 200 ਬਿਲੀਅਨ ਡਾਲਰ (ਲਗਭਗ 15 ਲੱਖ ਕਰੋੜ ਰੁਪਏ) ਦੀ ਮਾਰਕੀਟ ਕੈਪ ਨੂੰ ਛੂਹਿਆ ਹੈ। ਰਿਲਾਇੰਸ ਦੇ ਸਟਾਕ ਨੇ ਵੀਰਵਾਰ ਨੂੰ ਕਾਰੋਬਾਰ ਦੌਰਾਨ ਇਕ ਨਵਾਂ ਰਿਕਾਰਡ ਕਾਇਮ ਕੀਤਾ। ਬੀਐਸਈ ਉਤੇ ਆਰਆਈਐਲ ਦੇ ਸ਼ੇਅਰ 8.45% ਦੇ ਵਾਧੇ ਨਾਲ 2,343.90 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਏ। ਸ਼ੇਅਰ ਵਿਚ ਤੇਜ਼ੀ ਨਾਲ ਮਾਰਕੀਟ ਕੈਪ 200 ਅਰਬ ਡਾਲਰ ਨੂੰ ਪਾਰ ਕਰ ਗਈ। ਰਿਲਾਇੰਸ ਰਿਟੇਲ 'ਚ ਅਮਰੀਕੀ ਕੰਪਨੀ ਨੇ ਹਿੱਸੇਦਾਰੀ ਖਰੀਦ ਦੀ ਘੋਸ਼ਣਾ ਕਰਨ ਤੋਂ ਬਾਅਦ ਆਰਆਈਐਲ ਦੇ ਸ਼ੇਅਰਾਂ 'ਚ ਵਾਧਾ ਹੋਇਆ ਅਤੇ ਸਟਾਕ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। ਰਿਲਾਇੰਸ ਜਿਓ ਤੋਂ ਬਾਅਦ ਹੁਣ ਸਿਲਵਰ ਲੇਕ ਰਿਲਾਇੰਸ ਰਿਟੇਲ 'ਚ ਵੱਡੀ ਹਿੱਸੇਦਾਰੀ ਖ਼ਰੀਦਣ ਜਾ ਰਹੀ ਹੈ। ਪ੍ਰਾਈਵੇਟ ਇਕਵਿਟੀ ਫ਼ਰਮ 7500 ਕਰੋੜ ਰੁਪਏ 'ਚ 1.75 ਪ੍ਰਤੀਸ਼ਤ ਦੀ ਹਿੱਸੇਦਾਰੀ ਖ਼ਰੀਦੇਗੀ। ਇਸ ਤੋਂ ਪਹਿਲਾਂ ਅਮਰੀਕੀ ਇਕਵਿਟੀ ਫ਼ਰਮ ਸਿਲਵਰ ਲੇਕ ਨੇ ਵੀ ਜਿਓ ਪਲੇਟਫਾਰਮਜ਼ 'ਚ 2.08% ਦੀ ਹਿੱਸੇਦਾਰੀ ਖ਼ਰੀਦੀ ਹੈ। (ਪੀ.ਟੀ.ਆਈ)
image