
ਸਮੇਂ ਤੋਂ ਪਹਿਲਾਂ ਚੋਣ ਮੁਹਿੰਮ ਕੋਈ ਪਾਰਟੀ ਨਾ ਚਲਾਏ!
ਕਿਸਾਨ ਜਥੇਬੰਦੀਆਂ ਨੇ ਸੱਭ ਨੂੰ ਸੁਣ ਕੇ ਦਿਤਾ ਅਪਣਾ ਫ਼ੈਸਲਾ
ਚੰਡੀਗੜ੍ਹ, 10 ਸਤੰਬਰ (ਗੁਰਉਪਦੇਸ਼ ਭੁੱਲਰ): ਚਲ ਰਹੇ ਕਿਸਾਨ ਅੰਦੋਲਨ ਦਾ ਅੱਜ ਹੋਰ ਇਕ ਇਤਿਹਾਸਕ ਦਿਨ ਤੇ ਵੱਡੀ ਪ੍ਰਾਪਤੀ ਸੀ ਕਿ ਪੰਜਾਬ ਦੀਆਂ ਸਾਰੀਆਂ ਹੀ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਕਿਸਾਨਾਂ ਦੀ ਕਚਹਿਰੀ ਵਿਚ ਪੇਸ਼ ਹੋਏ | ਪੰਜਾਬ ਵਿਚ ਸਮੇਂ ਤੋਂ ਪਹਿਲਾਂ ਚੋਣ ਰੈਲੀਆਂ ਕਾਰਨ ਬਣੀ ਟਕਰਾਅ ਦੀ ਸਥਿਤੀ ਵਿਚੋਂ ਨਿਕਲਣ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਹ ਕਚਹਿਰੀਨੁਮਾ ਸਭਾ ਚੰਡੀਗੜ੍ਹ ਵਿਚ ਬੁਲਾਈ ਸੀ | ਇਸ ਵਿਚ ਜਿਥੇ 32 ਕਿਸਾਨ ਜਥੇਬੰਦੀਆਂ ਦਾ ਇਕ ਇਕ ਪ੍ਰਤੀਨਿਧ ਸ਼ਾਮਲ ਸੀ ਅਤੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਅਪਣਾ ਪੱਖ ਤੇ ਸੁਝਾਅ ਰੱਖਣ ਲਈ ਸੱਤਾਧਾਰੀ ਪਾਰਟੀ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਅਕਾਲੀ ਦਲ ਸੰਯੁਕਤ, ਬਸਪਾ, ਲੋਕ ਇਨਸਾਫ਼ ਪਾਰਟੀ, ਅਕਾਲੀ ਦਲ (ਅੰਮਿ੍ਤਸਰ) ਅਤੇ ਖੱਬੇ ਪੱਖੀ ਦਲਾਂ ਦੇ ਪ੍ਰਮੁੱਖ ਆਗੂਆਂ ਦੇ ਵਫ਼ਦ ਪਹੁੰਚੇ |
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤਾਂ ਖ਼ੁਦ ਪਹੁੰਚੇ | ਲਗਭਗ 6 ਘੰਟਿਆਂ ਦੀ ਗੱਲਬਾਤ ਤੋਂ ਬਾਅਦ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਵਿਚ ਅਪਣਾ ਫ਼ੈਸਲਾ ਸੁਣਾਇਆ | ਹਰ ਇਕ ਪਾਰਟੀ ਨੂੰ ਕਿਸਾਨ ਆਗੂਆਂ ਨੇ ਵੱਖੋ ਵਖਰੇ ਤੌਰ 'ਤੇ ਬੁਲਾ ਕੇ ਅੱਧਾ ਅੱਧਾ ਘੰਟਾ ਸਮਾਂ ਦੇ ਕੇ ਸੁਣਿਆ | ਇਸ ਸਭਾ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਸਆ ਕਿ ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਬਾਕੀ ਸੱਭ ਪਾਰਟੀਆਂ ਸਾਡੇ ਫ਼ੈਸਲੇ ਨਾਲ ਸਹਿਮਤ ਹੋਈਆਂ ਹਨ | ਇਨ੍ਹਾਂ ਦੋਹਾਂ ਪਾਰਟੀਆਂ ਨੇ ਕਿਸਾਨ ਅੰਦੋਲਨ ਦੀ
ਤਾਂ ਹਰ ਤਰੀਕੇ ਨਾਲ ਮਦਦ ਕਰਨ ਦੀ ਗੱਲ ਆਖੀ ਹੈ, ਪਰ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਤਕ ਚੋਣ ਮੁਹਿੰਮ ਸ਼ੁਰੂ ਨਾ ਕੀਤੇ ਜਾਣ ਬਾਰੇ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਬਾਰੇ ਹਾਲੇ ਹਾਮੀ ਨਹੀਂ ਭਰੀ ਅਤੇ ਪਾਰਟੀ ਵਿਚ ਵਿਚਾਰ ਕਰਨ ਦੀ ਗੱਲ ਆਖੀ ਹੈ |
ਰਾਜੇਵਾਲ ਨੇ ਕਿਸਾਨ ਜਥੇਬੰਦੀਆ ਦਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਚੋਣਾਂ ਦੇ ਐਲਾਨ ਤਕ ਚੋਣ ਮੁਹਿੰਮ ਨਾ ਚਲਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਜਿਹੜੀ ਪਾਰਟੀ ਇਸ ਨੂੰ ਨਹੀਂ ਮੰਨੇਗੀ ਤਾਂ ਉਹ ਕਿਸਾਨ ਹਿਤੈਸ਼ੀ ਨਹੀਂ ਮੰਨੀ ਜਾਵੇਗੀ | ਇਨ੍ਹਾਂ ਪਾਰਟੀਆਂ ਦੀਆਂ ਚੋਣ ਰੈਲੀਆਂ ਦਾ ਵਿਰੋਧ ਕੀਤਾ ਜਾਵੇਗਾ ਪਰ ਸਮਾਜਕ ਪ੍ਰੋਗਰਾਮਾਂ ਭੋਗ, ਵਿਆਹ ਆਦਿ ਵਿਚ ਜਾਣ 'ਤੇ ਕੋਈ ਰੋਕ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਹਾਲੇ ਚੋਣਾਂ ਵਿਚ ਸਮਾਂ ਪਿਆ ਹੈ ਅਤੇ ਹੁਣੇ ਚੋਣ ਰੈਲੀਆਂ ਕਰਨ ਨਾਲ ਪਿੰਡਾਂ ਵਿਚ ਧੜੇ ਬਣਨ ਨਾਲ ਏਕਤਾ ਟੁੱਟਣ ਕਰ ਕੇ ਕਿਸਾਨ ਅੰਦੋਲਨ ਕਮਜ਼ੋਰ ਹੁੰਦਾ ਹੈ | ਅਸੀ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਹੀ ਫ਼ੈਸਲਾ ਲਿਆ ਹੈ | ਉਨ੍ਹਾਂ ਦਸਿਆ ਕਿ ਅੱਜ ਦੀ ਸਭਾ ਵਿਚ ਸਿਆਸੀ ਆਗੂਆਂ ਤੋਂ ਚੋਣ ਮੈਨੀਫ਼ੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਬਾਰੇ ਵੀ ਰਾਏ ਪੁਛੀ ਗਈ ਹੈ ਅਤੇ ਇਸ ਬਾਰੇ ਸੱਭ ਪਾਰਟੀਆਂ ਨੇ ਸਹਿਮਤੀ ਪ੍ਰਗਟਾਈ ਹੈ | ਰਾਜੇਵਾਲ ਨਾਲ ਸ਼ਾਮਲ ਪ੍ਰਮੁੱਖ ਆਗੂਆ ਵਿਚ ਰੁਲਦੂ ਸਿੰਘ ਮਾਨਸਾ, ਕੁਲਵੰਤ ਸਿੰਘ ਸੰਧੂ, ਹਰਮੀਤ ਕਾਦੀਆਂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਗਮੋਹਨ ਸਿੰਘ ਪਟਿਆਲਾ, ਬਲਦੇਵ ਸਿੰਘ ਸਿਰਸਾ, ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਸ਼ਾਦੀਪੁਰ, ਜੰਗਵੀਰ ਸਿੰਘ, ਮਨਜੀਤ ਸਿੰਘ ਰਾਏ, ਬੋਘ ਸਿੰਘ ਆਦਿ ਮੌਜੂਦ ਸਨ |
ਡੱਬੀ
ਬਰਗਾੜੀ ਵਿਚ ਚਲ ਰਹੇ ਅੰਦੋਲਨ ਨੂੰ ਛੋਟ ਦਿਤੀ
ਅੱਜ ਵੱਖ ਵੱਖ ਪਾਰਟੀਆਂ ਨਾਲ ਸੁਣਵਾਈ ਸਮੇਂ ਕਿਸਾਨ ਆਗੂਆਂ ਨੇ ਚੋਣ ਮੁਹਿੰਮ ਤੋਂ ਵੱਖ ਕਰਦਿਆਂ ਅਕਾਲੀ ਦਲ (ਅੰਮਿ੍ਤਸਰ) ਦੇ ਬਰਗਾੜੀ ਵਿਚ ਚਲ ਰਹੇ ਗਿ੍ਫ਼ਤਾਰੀਆਂ ਦੇਣ ਦੇ ਅੰਦੋਲਨ ਨੂੰ ਛੋਟ ਦਿਤੀ ਹੈ | ਕਿਸਾਨ ਆਗੂਆਂ ਨਾਲ ਮੀਟਿੰਗ ਵਿਚ ਸ਼ਾਮਲ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਗੋਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਤਾਂ ਬਰਗਾੜੀ ਮੋਰਚਾ ਮੁਲਤਵੀ ਕਰਨ ਦੀ ਵੀ ਪੇਸ਼ਕਸ਼ ਕੀਤੀ ਸੀ ਪਰ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਿਆਸੀ ਮੁਹਿੰਮ ਨਹੀਂ ਜਿਸ ਕਰ ਕੇ ਇਸ ਨੂੰ ਨਹੀਂ ਰੋਕਿਆ ਜਾਵੇਗਾ |