
Punjab Weather Update : 14 ਸਤੰਬਰ ਤੋਂ ਬਦਲੇਗਾ ਮੌਸਮ, ਤਾਪਮਾਨ 'ਚ 2.4 ਡਿਗਰੀ ਦੀ ਆਈ ਗਿਰਾਵਟ
Punjab Weather Update News in punjabi: ਪੰਜਾਬ ਅਤੇ ਚੰਡੀਗੜ੍ਹ ਵਿਚ ਕਈ ਦਿਨਾਂ ਬਾਅਦ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ। ਕਈ ਜ਼ਿਲ੍ਹਿਆਂ ਵਿਚ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ 2.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਹਾਲਾਂਕਿ ਸੂਬੇ 'ਚ ਇਹ ਆਮ ਦੇ ਕਰੀਬ ਰਿਹਾ ਹੈ। ਬਠਿੰਡਾ ਵਿਚ ਸਭ ਤੋਂ ਵੱਧ ਤਾਪਮਾਨ 35.9 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਕਿਸੇ ਵੀ ਜ਼ਿਲ੍ਹੇ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਨਹੀਂ ਕੀਤਾ ਹੈ। ਪਰ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ 14 ਸਤੰਬਰ ਤੱਕ ਮੀਂਹ ਦਾ ਅਲਰਟ ਨਹੀਂ ਹੈ। ਹਾਲਾਂਕਿ ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਦੋਂ ਕਿ ਮੰਗਲਵਾਰ ਨੂੰ ਚੰਡੀਗੜ੍ਹ ਵਿਚ 1.3 ਮਿਲੀਮੀਟਰ, ਲੁਧਿਆਣਾ ਵਿੱਚ 0.4 ਮਿਲੀਮੀਟਰ, ਪਠਾਨਕੋਟ ਵਿੱਚ 8.0, ਫਤਿਹਗੜ੍ਹ ਸਾਹਿਬ ਵਿੱਚ 10.0 ਮਿਲੀਮੀਟਰ, ਮੋਗਾ ਵਿੱਚ 1.0 ਅਤੇ ਰੋਪੜ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਸੂਬੇ ਵਿੱਚ 1 ਸਤੰਬਰ ਤੋਂ 10 ਸਤੰਬਰ ਤੱਕ 29.1 ਮਿਲੀਮੀਟਰ ਬਾਰਿਸ਼ ਹੋਈ। ਜੋ ਇਸ ਸੀਜ਼ਨ ਦੌਰਾਨ ਹੋਈ ਬਾਰਿਸ਼ ਨਾਲੋਂ 25% ਘੱਟ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਇਹ ਮਲੇਰੀਆ ਲਈ ਆਦਰਸ਼ ਸੀਜ਼ਨ ਹੈ। ਅਜਿਹੇ 'ਚ ਚੌਕਸ ਰਹਿਣ ਦੀ ਲੋੜ ਹੈ।