
Ladowal Toll Plaza: 17 ਸਤੰਬਰ ਤੋਂ ਟੈਕਸ ਫ਼੍ਰੀ ਹੋ ਸਕਦਾ ਹੈ
Punjab's most expensive Ladowal toll plaza will be free: ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਇਸ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਨੂੰ ਛੇਤੀ ਹੀ ਵੱਡੀ ਰਾਹਤ ਮਿਲ ਸਕਦੀ ਹੈ। ਇਹ ਟੋਲ ਪਲਾਜ਼ਾ 17 ਸਤੰਬਰ ਤੋਂ ਟੈਕਸ ਫ਼੍ਰੀ ਹੋ ਸਕਦਾ ਹੈ। ਇਸ ਦਾ ਐਲਾਨ ਪੰਜਾਬ ਟੋਲ ਯੂਨੀਅਨ ਨੇ ਮੀਟਿੰਗ ਉਪਰੰਤ ਕੀਤਾ ਹੈ।
ਟੋਲ ਯੂਨੀਅਨ ਪੰਜਾਬ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਨੈਸ਼ਨਲ ਹਾਈਵੇਅ ’ਤੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਹੋਈ, ਜਿਸ ਦੀ ਅਗਵਾਈ ਪੰਜਾਬ ਟੋਲ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕੀਤੀ।
ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ’ਤੇ ਕੰਮ ਕਰਦੇ ਮੁਲਾਜ਼ਮਾਂ ਦੀ ਤਨਖਾਹ 10 ਹਜ਼ਾਰ ਰੁਪਏ ਹੈ, ਜੋ ਕਾਨੂੰਨ ਅਨੁਸਾਰ 22 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਪ੍ਰਧਾਨ ਲਾਡੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਮੁਲਾਜ਼ਮਾਂ ਨੂੰ ਨਾ ਤਾਂ ਟੋਲ ਭੱਤਾ ਦਿੱਤਾ ਜਾ ਰਿਹਾ ਹੈ, ਨਾ ਹੀ ਮੁਲਾਜ਼ਮਾਂ ਨੂੰ ਛੁੱਟੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਪੀ.ਐੱਫ. ਕੱਟਿਆ ਜਾਂਦਾ ਹੈ।
ਲਾਡੋਵਾਲ ਟੋਲ ਪਲਾਜ਼ਾ ਵਿਖੇ ਮੁਲਾਜ਼ਮਾਂ ਨੇ ਠੇਕੇਦਾਰੀ ਸਿਸਟਮ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ 16 ਸਤੰਬਰ ਤੱਕ ਟੋਲ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ 17 ਸਤੰਬਰ ਨੂੰ ਟੋਲ ਪਲਾਜ਼ਾ ਜਾਮ ਕਰ ਦਿੱਤਾ ਜਾਵੇਗਾ ਅਤੇ ਕਿਸੇ ਵੀ ਵਾਹਨ ਚਾਲਕ ਨੂੰ ਟੋਲ ਨਹੀਂ ਦੇਣ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ।