
Faridkot News : ਆਰੋਪੀ ਗੁਰਪ੍ਰੀਤ ਸਿੰਘ ਨੇ ਮਗਨਰੇਗਾ ਸਕੀਮ ਤਹਿਤ ਲੇਬਰ ਠੇਕੇਦਾਰ ਨੂੰ ਦਿਹਾੜੀਦਾਰ ਦਾ ਕੰਮ ਦਿਵਾਉਣ ਦੇ ਬਦਲੇ ਮੰਗੀ ਸੀ ਰਿਸ਼ਵਤ
Faridkot News : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਮਗਨੇਰਗਾ ਸਕੀਮ ਦੇ ਗ੍ਰਾਮੀਣ ਰੋਜ਼ਗਾਰ ਸੇਵਕ ਗੁਰਪ੍ਰੀਤ ਸਿੰਘ ਨੂੰ ਪਿੰਡ ਮਰਾੜ, ਜ਼ਿਲ੍ਹਾ ਫਰੀਦਕੋਟ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਇਹ ਗ੍ਰਿਫ਼ਤਾਰੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਰਾੜ ਦੇ ਵਸਨੀਕ ਸ਼ਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ ਜੋ ਇਸ ਸਕੀਮ ਤਹਿਤ ਮਜ਼ਦੂਰ ਮੁਹੱਈਆ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਨੇ ਮਗਨਰੇਗਾ ਸਕੀਮ ਤਹਿਤ ਉਕਤ ਲੇਬਰ ਠੇਕੇਦਾਰ ਨੂੰ ਦਿਹਾੜੀਦਾਰ ਕੰਮ ਦਿਵਾਉਣ ਦੇ ਬਦਲੇ 5,000 ਰੁਪਏ ਦੀ ਮੰਗ ਕੀਤੀ ਹੈ।
ਇਹ ਵੀ ਪੜੋ : Haryana News : ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਦੀ ਮੰਗ ਕਰਦੇ ਹੋਏ ਉਕਤ ਮੁਲਜ਼ਮ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਸੀ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਨੇ ਜਾਲ ਵਿਛਾਇਆ, ਜਿਸ ਦੌਰਾਨ ਉਕਤ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਪਾਸੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
ਇਸ ਸਬੰਧ 'ਚ ਉਕਤ ਆਰੋਪੀ ਦੇ ਖਿਲਾਫ਼ ਫਿਰੋਜ਼ਪੁਰ ਰੇਂਜ ਦੇ ਵਿਜੀਲੈਂਸ ਥਾਣੇ 'ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਆਰੋਪੀ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।
(For more news apart from Vigilance Bureau caught rural employment worker red-handed for accepting bribe of Rs 5,000 News in Punjabi, stay tuned to Rozana Spokesman)