
ਗੁਰਮੁਖੀ ਲਿਪੀ ਦੀ ਸਹੀ ਵਰਤੋਂ ਸਬੰਧੀ ਤਰੁੱਟੀਆਂ ਅਤੇ ਉਹਨਾਂ ਦੇ ਹੱਲ ਲਈ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਚਿੱਠੀਆਂ
ਸੁਨਾਮ: ਸੂਬਾ ਪੱਧਰੀ ਸਮਾਜਕ ਜਥੇਬੰਦੀ ਭੂਤਵਾੜਾ ਵੈਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਜਖੇਪਲ ਦੇ ਮੁੱਖ ਬਾਜ਼ਾਰ ਵਿਚ ਸਹੀ ਪੰਜਾਬੀ (ਗੁਰਮੁਖੀ) ਦੀ ਵਰਤੋਂ ਸਬੰਧੀ ਵਿੱਢੀ ਗਈ ਮੁਹਿੰਮ ਦੌਰਾਨ ਸੰਸਥਾ ਦੇ ਕਾਰਕੁੰਨਾਂ ਨੇ ਵਪਾਰਕ ਅਤੇ ਵਿੱਦਿਅਕ ਅਦਾਰਿਆਂ ਦਾ ਦੌਰਾ ਕੀਤਾ। ਕਾਰਕੁੰਨਾਂ ਨੇ ਗੁਰਮੁਖੀ ਲਿਪੀ ਦੀ ਸਹੀ ਵਰਤੋਂ ਸਬੰਧੀ ਤਰੁੱਟੀਆਂ ਅਤੇ ਉਹਨਾਂ ਦੇ ਹੱਲ ਦੀਆਂ ਚਿੱਠੀਆਂ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਪ੍ਰਦਾਨ ਕੀਤੀਆਂ।
Campaign launched by Bhootwara Welfare Foundation for proper use of Punjabi
ਇਸ ਮੁਹਿੰਮ ਵਿਚ ਸੰਸਥਾ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਸਨੌਰ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਛਾਜਲੀ, ਸੰਯੁਕਤ ਸਕੱਤਰ ਰਾਮਿੰਦਰਜੀਤ ਸਿੰਘ ਵਾਸੂ, ਮੈਂਬਰ ਗੁਰਜੰਟ ਸਿੰਘ ਜਖੇਪਲ, ਜਗਸੀਰ ਸਿੰਘ ਝਾੜੋਂ ਅਤੇ ਇਲਾਕੇ ਦੇ ਕਈ ਭਾਸ਼ਾਪ੍ਰੇਮੀਆਂ ਨੇ ਵੀ ਹਿੱਸਾ ਲਿਆ। ਭੂਤਵਾੜਾ ਵੈਲਫ਼ੇਅਰ ਫ਼ਾਊਂਡੇਸ਼ਨ ਦੇ ਕਾਰਕੁੰਨ ਇਥੋਂ ਦੇ ਬੱਸ ਅੱਡੇ ਨੇੜਲੀਆਂ ਦੁਕਾਨਾਂ ਵਿਚ ਗਏ ਅਤੇ ਉਹਨਾਂ ਦੀਆਂ ਦੁਕਾਨਾਂ ਦੇ ਬੋਰਡਾਂ ਜਾਂ ਹੋਰ ਥਾਈਂ ਲਿਖੀ ਪੰਜਾਬੀ (ਗੁਰਮੁਖੀ) ਵਿਚ ਤਰੁੱਟੀ ਰਹਿਤ ਸ਼ਬਦਾਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ।
Punjabi Language
ਵਪਾਰਕ ਅਦਾਰਿਆਂ ਦੇ ਪ੍ਰਬੰਧਕਾਂ ਨੇ ਖਿੜੇ ਮੱਥੇ ਤਰੁੱਟੀਆਂ ਸਬੰਧੀ ਚਿੱਠੀਆਂ ਪ੍ਰਵਾਨ ਕਰਦਿਆਂ ਉਹਨਾਂ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਦਾ ਵਾਅਦਾ ਕੀਤਾ। ਉਹਨਾਂ ਹੈਰਾਨੀ ਵੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਵਰਤੀ ਜਾ ਰਹੀ ਭਾਸ਼ਾ ਬਾਰੇ ਕਦੇ ਵੀ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤੀ। ਇਸ ਮੌਕੇ ਜਖੇਪਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਰੇ ਜਾਣਕਾਰੀ ਦਿੰਦੇ ਬੋਰਡ 'ਤੇ ਹੀ ਵੱਡੀ ਗਿਣਤੀ ਵਿਚ ਗ਼ਲਤੀਆਂ ਮਿਲੀਆਂ, ਜਿਨ੍ਹਾਂ ਸਬੰਧੀ ਸਕੂਲ ਦੇ ਪ੍ਰਿੰਸੀਪਲ ਦੇ ਨਾਮ ਚਿੱਠੀ ਜਾਰੀ ਕੀਤੀ ਗਈ। ਇਲਾਕੇ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਸ. ਪ੍ਰਤਾਪ ਸਿੰਘ ਬਾਗ਼ੀ ਦੀ ਯਾਦ ਵਿਚ ਸਥਾਪਤ ਕੀਤੀ ਗਈ ਲਾਇਬਰੇਰੀ ਦੇ ਨਾਮ ਅਤੇ ਪਤੇ ਵਿਚ ਵੀ ਤਰੁੱਟੀਆਂ ਸਨ।
Punjabi Language
ਮੁਹਿੰਮ ਦੌਰਾਨ ਮਾਲੇਰਕੋਟਲਾ ਬੀਜ ਸਟੋਰ ਦੇ ਪ੍ਰਬੰਧਕ ਮੁਹੰਮਦ ਇਮਰਾਨ, ਵਿਸ਼ਵਕਰਮਾ ਵੈੱਲਡਿੰਗ ਅਤੇ ਇਲੈਕਟ੍ਰੀਕਲ ਵਰਕਸ ਦੇ ਪ੍ਰਬੰਧਕ ਨਿਰਮਲ ਸਿੰਘ, ਸਿੱਧੂ ਸਵੀਟਸ ਹਾਊਸ ਦੇ ਪ੍ਰਬੰਧਕ ਕੁਲਵਿੰਦਰ ਸਿੰਘ ਅਤੇ ਸੰਤ ਅਤਰ ਸਿੰਘ ਜੀ ਬੁੱਕ ਡਿਪੂ ਦੇ ਪ੍ਰਬੰਧਕ ਸੂਰਜ ਕੁਮਾਰ ਨੇ ਭਾਸ਼ਾ ਦੀ ਸਹੀ ਵਰਤੋਂ ਸਬੰਧੀ ਭਰਪੂਰ ਉਤਸ਼ਾਹ ਵਿਖਾਇਆ ਅਤੇ ਭੂਤਵਾੜਾ ਵੈਲਫ਼ੇਅਰ ਫ਼ਾਊਂਡੇਸ਼ਨ ਦੀ ਇਸ ਮੁਹਿੰਮ ਦੀ ਸ਼ਲਾਘਾ ਵੀ ਕੀਤੀ। ਉਹਨਾਂ ਤਹੱਈਆ ਕੀਤਾ ਕਿ ਉਹ ਸੰਸਥਾ ਅਤੇ ਹੋਰ ਮਾਹਿਰਾਂ ਨਾਲ ਰਾਬਤਾ ਰੱਖਦੇ ਹੋਏ ਮਾਂ ਬੋਲੀ ਦੀ ਸੇਵਾ ਦੇ ਪੱਖ ਨੂੰ ਵੀ ਨਿਭਾਉਂਦੇ ਰਹਿਣਗੇ।