
ਕਵਲਜੀਤ ਸਿੰਘ ਅਲੱਗ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ
ਸ. ਅਲੱਗ ਸਾਡੇ ਲਈ ਹਮੇਸ਼ਾ ਇਕ ਪ੍ਰੇਰਣਾ ਸਰੋਤ ਬਣੇ ਰਹਿਣਗੇ: ਬਖ਼ਸ਼ੀ ਪਰਮਜੀਤ ਸਿੰਘ
ਨਵੀਂ ਦਿੱਲੀ, 10 ਅਕਤੁਬਰ (ਸੁਖਰਾਜ ਸਿੰਘ): ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਨਵਨਿਯੁਕਤ ਮੈਂਬਰ ਅਤੇ ਉੱਘੇ ਸਮਾਜ ਸੇਵੀ ਸ. ਕਵਲਜੀਤ ਸਿੰਘ ਅਲੱਗ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਹੋਇਆਂ ਅਕਾਲ ਚਲਾਣਾ ਕਰ ਗਏ ਸਨ। ਸ. ਕਵਲਜੀਤ ਸਿੰਘ ਅਲੱਗ 61 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਦੇ ਪਰਵਾਰ ਵਿਚ ਧਰਮ ਪਤਨੀ ਤੋਂ ਇਲਾਵਾ ਦੋ ਸਪੁਤਰ ਅਤੇ ਇਕ ਸਪੁਤਰੀ ਵੀ ਹਨ। ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਦਿਨ ਐਤਵਾਰ 11 ਅਕਤੂਬਰ 2020 ਨੂੰ ਦਿੱਲੀ ਦੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਵੇਰੇ 11.00 ਵਜੇ ਤੋਂ ਬਾਅਦ ਦੁਪਿਹਰ 12.30 ਵਜੇ ਤਕ ਹੋਵੇਗਾ। ਮਰਹੂਮ ਕਵਲਜੀਤ ਸਿੰਘ ਅਲੱਗ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿਚ ਦਿੱਲੀ ਸਰਕਾਰ ਦੇ ਅਹੁਦੇਦਾਰ, ਰਾਜਨੀਤਿਕ ਤੇ ਸਿਆਸੀ ਆਗੂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਦਿੱਲੀ ਦੀਆਂ ਪ੍ਰਮੁੱਖ ਸ਼ਖ਼ਸ਼ੀਅਤਾਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੀਆਂ। ਇਥੇ ਦੀ ਸੁਹਿਰਦ ਸੰਸਥਾ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਬਖ਼ਸ਼ੀ ਪਰਮਜੀਤ ਸਿੰਘ ਤੇ ਇਸਤਰੀ ਵਿੰਗ ਜਾਗੋ ਪਾਰਟੀ ਦੀ ਪ੍ਰਧਾਨ ਅਤੇ ਸਾਬਕਾ ਕੌਂਸਲਰ ਕਰੋਲ ਬਾਗ਼ ਬੀਬੀ ਮਨਦੀਪ ਕੌਰ ਬਖ਼ਸੀ, ਸਵਰਗੀ ਕਵਲਜੀਤ ਸਿੰਘ ਅਲੱਗ ਦੇ ਕੁੜਮ ਤੇ ਕੁੜਮਣੀ ਹਨ ਨੇ ਉਨ੍ਹਾਂ ਦੇ ਚਲਾਣੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਥੇ ਦਸਣਯੋਗ ਹੈ ਕਿ ਸਵਰਗੀ ਸ. ਕਵਲਜੀਤ ਸਿੰਘ ਅਲੱਗ ਦਿੱਲੀ ਮੋਟਰ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ, ਫ਼ੈਡਰੇਸ਼ਨ ਆਫ਼ ਆਲ ਇੰਡੀਆ ਸਪੇਅਰ ਪਾਰਟਸ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ, ਫ਼ੈਡਰੇਸ਼ਨ ਆਫ਼ ਆਲ ਇੰਡੀਆ ਵਾਪਾਰ ਮੰਡਲ ਦੇ ਪ੍ਰਧਾਨ, ਪੰਜਾਬੀ ਅਕਾਦਮੀ ਦਿੱਲੀ ਦੇ ਮੈਂਬਰ, ਪੰਜਾਬੀ ਬਾਗ਼ ਦੀ ਕੋ-ਆਪਰੇਟਿੰਗ ਹਾਉਸਿੰਗ ਸੁਸਾਇਟੀ ਲਿimageਮਿਟਿਡ ਦੇ ਬਤੌਰ ਸੈਕਟਰੀ ਦੇ ਅਹੁਦੇ 'ਤੇ ਸੇਵਾ ਨੂੰ ਬਾਖ਼ੂਬੀ ਨਿਭਾ ਰਹੇ ਸਨ। ਉਨ੍ਹਾਂ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੇ ਚਲਦਿਆਂ ਦਿੱਲੀ ਸਰਕਾਰ ਦੁਆਰਾ ਸ. ਅਲੱਗ ਨੂੰ ਬੀਤੇ ਵਰ੍ਹੇ 2019 ਵਿਚ ਨਵਰਤਨ ਐਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ ਸੀ।