
ਪੰਜਾਬ ਬੰੰਦ ਦੇ ਸੱਦੇ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ
ਦੋਆਬੇ 'ਚ ਰਿਹਾ ਜ਼ਿਆਦਾ ਅਸਰ ਤੇ ਮਾਲਵਾ-ਮਾਝਾ 'ਚ ਆਵਾਜਾਈ ਰਹੀ ਠੱਪ
to
ਚੰਡੀਗੜ੍ਹ, 10 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਕਥਿਤ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਘਪਲੇ ਨੂੰ ਲੈ ਕੇ ਸੰਤ ਸਮਾਜ ਅਤੇ ਦਲਿਤ ਭਾਈਚਾਰੇ ਨਾਲ ਸਬੰਧਤ ਕਈ ਸੰਗਠਨਾਂ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਸੂਬੇ ਅੰਦਰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਦਲਿਤ ਭਾਈਚਾਰੇ ਨਾਲ ਸਬੰਧਤ ਕੁੱਝ ਸੰਗਠਨਾਂ ਦੇ ਕਈ ਨੌਜਵਾਨ ਮੋਟਰਸਾਈਕਲਾਂ 'ਤੇ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁਧ ਨਾਹਰੇਬਾਜ਼ੀ ਕਰ ਰਹੇ ਸਨ। ਇਸ ਦੇ ਨਾਲ ਹੀ ਹਾਥਰਸ ਕਾਂਡ ਵਿਰੁਧ ਵੀ ਦਲਿਤ ਭਾਈਚਾਰੇ ਦੇ ਲੋਕਾਂ ਨੇ ਰੱਜ ਕੇ ਪ੍ਰਦਰਸ਼ਨ ਕੀਤਾ। ਅੱਜ ਦੇ ਬੰਦ ਨੂੰ ਦੋਆਬੇ ਖੇਤਰ 'ਚ ਲਗਭਗ ਭਰਵਾਂ ਹੁੰਗਾਰਾ ਮਿਲਿਆ ਜਦਕਿ ਮਾਝੇ ਵਿਚ ਕੁੱਝ ਘੱਟ ਤੇ ਮਾਲਵੇ 'ਚ ਆਵਾਜਾਈ ਆਮ ਵਾਂਗ ਹੀ ਰਹੀ ਤੇ ਕੁੱਝ ਕੁ ਦੁਕਾਨਾਂ ਨੂੰ ਛੱਡ ਕੇ ਬਾਜ਼ਾਰ ਆਮ ਵਾਂਗ ਖੁਲ੍ਹੇ ਰਹੇ। ਸ਼ਾਮ ਤਕ ਮਿਲੀਆਂ ਖ਼ਬਰਾਂ ਮੁਤਾਬਕ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਸੂਬੇ ਅੰਦਰ ਸ਼ਾਂਤੀ ਦਾ ਮਾਹੌਲ ਰਿਹਾ।
ਫ਼ਿਲੌਰ, (ਸੁਰਜੀਤ ਸਿੰਘ ਬਰਨਾਲਾ): ਯੂ ਪੀ ਦੇ ਹਾਥਰਸ ਚ ਮਨੀਸ਼ਾ ਨਾਲ ਸ਼ਰਮਨਾਕ ਘਟਨਾ ਉਪਰੰਤ ਉਸ ਨੂੰ ਜਾਨ ਤੋਂ ਮਾਰਨ ਵਾਲੇ ਚਾਰੇ ਦੋਸ਼ੀਆਂ ਨੂੰ ਫਾਸੀ ਦਿਵਾਉਣ ਲਈ ਵੱਖ ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿਤਾ ਗਿਆ ਸੀ। ਜਿਸ ਦਾ ਅਸਰ ਫਿਲੌਰ ਵਿਖੇ ਦੇਖਣ ਨੂੰ ਮਿਲਿਆ। ਜਿਥੇ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਪੰਜਾਬ ਬੰਦ ਦੀ ਫਿਲੌਰ ਤੋਂ ਕਾਲ ਕਰਨ ਵਾਲੇ ਅੰਬੇਡਕਰ ਸ਼ਕਤੀ ਦਲ ਦੇ ਪ੍ਰਧਾਨ ਗੋਲਡੀ ਨਾਹਰ ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਹਿਰ 'ਚ ਰੋਸ ਮਾਰਚ ਕਢਿਆ। ਉਨ੍ਹਾਂ ਰਾਸ਼ਟਰਪਤੀ ਦੇ ਨਾਮ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਨੂੰ ਮੰਗ ਪੱਤਰ ਵੀ ਦਿਤਾ।
ਗੁਰਾਇਆ, (ਸਤਪਾਲ ਸਿੰਘ): ਦਲਿਤ ਜਥੇਬੰਦੀਆਂ ਵਲੋਂ ਅੱਜ ਦੇ ਪੰਜਾਬ ਬੰਦ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਉਪਰੋਕਤ ਜਥੇਬੰਦੀਆਂ ਵਲੋਂ ਯੂ,ਪੀ ਦੇ ਹਾਥਰਸ ਵਿਖੇ ਦਲਿਤ ਸਮਾਜ ਦੀ ਲੜਕੀ ਮੁਨੀਸ਼ਾ ਨਾਲ ਗੁੰਡਿਆਂ ਵਲੋਂ ਜਬਰ ਜਿਨਾਹ ਤੋਂ ਬਾਅਦ ਉਸਦੇ ਘਿਨਾਉਣੇ ਕਤਲ ਦੇ ਕਾਤਲਾਂ ਨੂੰ ਫਾਂਸੀ ਦੇਣ, ਪੰਜਾਬ ਵਿਚ ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟਰਿਕ ਵਜ਼ੀਫ਼ਾ ਘਪਲੇ ਵਿਰੁਧ ਸਵੇਰੇ 10 ਵਜੇ ਤੋਂ 1 ਵਜੇ ਤਕ ਪੰਜਾਬ ਬੰਦ ਨੂੰ ਭਰਵਾ ਹੁੰਗਾਰਾ ਮਿਲਿਆ ਜਿਸ ਦੇ ਮੱਦੇਨਜ਼ਰ ਅੱਜ ਗੁਰਾਇਆ ਮੁਕੰਮਲ ਤੌਰ 'ਤੇ ਬੰਦ ਰਿਹਾ। ਉਪਰੰਤ ਉਪਰੋਕਤ ਜਥੇਬੰਦੀਆਂ ਵਲੋਂ ਸਥਾਨਕ ਮੇਨ ਚੌਕ ਇਕ ਵਿਸ਼ਾਲ ਰੈਲੀ ਕੀਤੀ ਗਈ।
ਆਦਮਪੁਰ, 10 ਅਕਤੂਬਰ (ਪ੍ਰਸ਼ੋਤਮ) : ਸੰਤ ਸਮਾਜ ਅਤੇ ਵਾਲਮੀਕ ਟਾਈਗਰਜ਼ ਫੋਰਸ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਅਤੇ ਹਾਥਰਸ ਵਿੱਚ ਸਮੂਹਕ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਸੱਦਾ ਦਿਤਾ ਗਿਆ ਹੈ। ਇਸ ਸਬੰਧ ਵਿਚ ਅੱਜ ਪੂਰੇ ਪੰਜਾਬ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਭੋਗਪੁਰ ਵਿਚ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਨੇ ਬਾਜ਼ਾਰਾਂ ਨੂੰ ਬੰਦ ਕਰਵਾ ਦਿੱਤਾ ਸੀ। ਆਦਮਪੁਰ ਵਿਚ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਦੀ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ। ਨੌਜਵਾਨਾਂ ਦਾ ਇਕ ਵੱਡੇ ਕਾਫਲਾ ਨੇ ਮੁੱਖ ਮਾਰਗ 'ਤੇ ਮਾਰਚ ਕੀਤਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਰਿਹਾ ਹੈ। ਇਸ ਸਮੇਂ ਦੌਰਾਨ ਪੰਜਾਬ ਵਿਚ ਟ੍ਰੈਫਿਕ ਜਾਮ ਰਹੇਗਾ। ਚੋਹਾਲ, ਸਿੰਗੜੀਵਾਲਾਂ, ਕਠਾਰ ਵਿਚ ਵੀ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਤੋਂ ਇਲਾਵਾ ਅਨੁਸੂਚਿਤ ਜਾਤੀ ਗਠਜੋੜ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਵਜ਼ੀਫੇ ਘੁਟਾਲੇ ਦੇ ਸਮਰਥਨ ਵਿਚ ਬੰਦ ਦਾ ਸਮਰਥਨ ਕੀਤਾ ਗਿਆ। ਸੰਤ ਸਮਾਜ ਅਤੇ ਸਮੂਹ ਅਨੁਸੂਚਿਤ ਜਾਤੀ ਸੰਸਥਾਵਾਂ ਦੇ ਵਰਕਰਾਂ ਵਲੋਂ ਚੱਕਾ ਜਾਮ ਕੀਤਾ ਗਿਆ।