
ਮੁੱਖ ਸਕੱਤਰ ਸੂਬੇ ਵਿਚ ਕੋਰੋਨਾ ਮਹਾਂਮਾਰੀ ਦੀ ਸਥਿਤੀ ਦੀ ਰੋਜ਼ਾਨਾ ਨਿਗਰਾਨੀ ਕਰਨਗੇ
ਚੰਡੀਗੜ੍ਹ, 10 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਕੋਵਿਡ -19 ਦੀ ਰੋਕਥਾਮ ਲਈ ਸੂਬੇ ਦੇ ਪ੍ਰਬੰਧਾਂ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਝੋਨੇ ਦੇ ਖ਼ਰੀਦ ਕਾਰਜਾਂ ਅਤੇ ਸੂਬੇ ਵਿਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਦਾ ਜਾਇਜ਼ਾ ਵੀ ਲਿਆ।
ਇਕ ਉਚ ਪਧਰੀ ਵਰਚੁਅਲ (ਵੀ.ਸੀ.) ਮੀਟਿੰਗ ਦੌਰਾਨ ਰਾਜ ਦੇ ਹਸਪਤਾਲਾਂ ਵਿਚ ਕੋਵਿਡ ਦੇ ਮਰੀਜ਼ਾਂ ਲਈ ਕੀਤੇ ਗਏ ਪ੍ਰਬੰਧਾਂ 'ਤੇ ਤਸੱਲੀ ਪ੍ਰਗਟ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਜ਼ਿਲ੍ਹਿਆਂ ਵਿਚ ਕੇਸਾਂ ਦੀ ਮੌਤ ਦਰ (ਸੀ.ਐਫ.ਆਰ.) ਬਾਰੇ ਵੇਰਵੇ ਭੇਜਣ ਤੋਂ ਇਲਾਵਾ ਸਰਕਾਰੀ ਸਿਹਤ ਸੰਸਥਾਵਾਂ ਵਿਚੋਂ ਠੀਕ ਹੋ ਕੇ ਡਿਸਚਾਰਜ ਹੋਏ ਮਰੀਜ਼ਾਂ ਨੂੰ ਪੋਸਟ ਕੋਵਿਡ ਕੇਅਰ ਕਿੱਟਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਮੁੱਖ ਸਕੱਤਰ ਨੂੰ ਦਸਿਆ ਕਿ 35,000 ਕੋਵਿਡ ਕੇਅਰ ਕਿੱਟਾਂ ਪਹਿਲਾਂ ਹੀ ਸਿਹਤ ਕੇਂਦਰਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ ਅਤੇ ਅਜੇ ਵੀ 1000 ਕਿੱਟਾਂ ਮੁੱਖ ਦਫ਼ਤਰ ਵਿਖੇ ਉਪਲੱਬਧ ਹਨ।
ਇਕ ਦਿਨ ਵਿਚ 20,000 ਕੋਵਿਡ ਟੈਸਟਾਂ ਦੇ ਅੰਕੜੇ ਨੂੰ ਪਾਰ ਕਰਨ ਲਈ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਸਬੰਧਤ ਵਿਭਾਗਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਆਕਸੀਜਨ ਅਤੇ ਹੋਰ ਸਹੂਲਤਾਂ ਵਧਾਉਣ ਲਈ ਕਿਹਾ ਕਿਉਂਕਿ ਕੋਰੋਨਾ ਮਹਾਂਮਾਰੀ ਦਾ ਦੂਜਾ ਪੜਾਅ ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਆ ਸਕਦਾ ਹੈ।