
ਕਾਂਗਰਸ ਹਾਲਾਤ ਲਈ ਲੋੜੀਂਦਾ ਕੋਲਾ ਭੰਡਾਰ ਰਖਣ ਵਿਚ ਨਾਕਾਮ ਰਹੀ : ਸੁਖਬੀਰ ਬਾਦਲ
ਅੰਮ੍ਰਿਤਸਰ, 10 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਬਣਿਆ ਬਿਜਲੀ ਸੰਕਟ ਅਸਲ ਵਿਚ ਮਨੁੱਖਾਂ ਦਾ ਸਿਰਜਿਆ ਹੋਇਆ ਹੈ ਤੇ ਇਹ ਕਾਂਗਰਸ ਸਰਕਾਰ ਵਲੋਂ ਅਗਾਉਂ ਯੋਜਨਾਬੰਦੀ ਤੇ ਤਿਆਰੀ ਦੇ ਮਾਮਲੇ ਵਿਚ ਉਕਾ ਹੀ ਨਾਲਾਇਕੀ ਤੇ ਗ਼ੈਰ ਹਾਜ਼ਰੀ ਦਾ ਸਿੱਧਾ ਨਤੀਜਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਿਜਲੀ ਸੰਕਟ ਆਉਣਾ ਹੀ ਸੀ ਤੇ ਇਸ ਦਾ ਕੋਲੇ ਦੀ ਘਾਟ ਨਾਲ ਕੋਈ ਲੈਣ ਦੇਣ ਨਹੀਂ ਹੈ। ਕੋਲਾ ਮੰਤਰਾਲਾ ਤਾਂ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਦੇਸ਼ ਵਿਚ ਕਿਤੇ ਵੀ ਕੋਲਾ ਸਪਲਾਈ ਦੀ ਘਾਟ ਨਹੀਂ ਹੈ। ਇਸ ਤੋਂ ਸਪਸ਼ਟ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਹੀ ਅਸਲੀ ਖਲਨਾਇਕ ਹੈ ਤੇ ਇਹ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਲੋੜੀਂਦਾ ਕੋਲਾ ਭੰਡਾਰ ਕਰਨ ਵਿਚ ਨਾਕਾਮ ਰਹੀ ਹੈ। ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ ਪਰ ਕਾਂਗਰਸ ਸਰਕਾਰ ਸੂਬੇ ਨਾਲ ਇਹੋ ਕੁੱਝ ਕਰ ਰਹੀ ਹੈ। ਮੌਜੂਦਾ ਬਿਜਲੀ ਸੰਕਟ ਆਸਾਨੀ ਨਾਲ ਵੇਖਿਆ ਜਾ ਸਕਦਾ ਸੀ ਤੇ ਇਸ ਨੂੰ ਸੰਭਾਲਿਆ ਵੀ ਜਾ ਸਕਦਾ ਸੀ ਬਸ਼ਰਤੇ ਕਿ ਸਰਕਾਰ ਕੋਲ ਸਮਾਂ ਹੁੰਦਾ ਤੇ ਉਹ ਅਗਾਉਂ ਤਿਆਰੀ ਕਰਦੀ ਪਰ ਉਨ੍ਹਾਂ ਨੇ ਪੰਜ ਸਾਲ ‘ਸੱਤਾ ਸੰਕਟ’ ਵਿਚ ਬਰਬਾਦ ਕਰ ਦਿਤੇ ਹਨ। ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਹਰ ਦੂਜੇ ਦਿਨ ਦਿੱਲੀ ਭੱਜਣ ਨਾਲੋਂ ਸੂਬੇ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕਰਨ। ਨਵਜੋਤ ਸਿੱਧੂ ਵਲੋਂ ਕਲ ਅੰਮ੍ਰਿਤਸਰ ਵਿਚ ‘ਮੌਨ ਵਰਤ’ ਰੱਖਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਡਰਾਮਾ ਮਾਸਟਰ ਹੈ।
ਲਖੀਮਪੁਰ ਖੇੜੀ ਵਿਚ ਵੀ ਉਹ ਰਾਤ ਦਾ ਖਾਣ ਮਗਰੋਂ ਭੁੱਖ ਹੜਤਾਲ ’ਤੇ ਬੈਠ ਗਏ ਤੇ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਭੁੱਖ ਹੜਤਾਲ ਖ਼ਤਮ ਕੀਤੀ। ਅੰਮ੍ਰਿਤਸਰ ਸਾਹਿਬ ਦੇ ਦੌਰੇ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਗਾਵਲ ਮੰਡੀ ਵਿਚ ਵਾਲਮੀਕਿ ਮੰਦਰ, ਹਨੂਮਾਨ ਮੰਦਰ ਤੇ ਜੀ ਟੀ ਰੋਡ ’ਤੇ ਜਾਮਾ ਮਸਜਿਦ ਵਿਚ, ਗੁਰਦੁਆਰਾ ਛੇਹਰਟਾ ਸਾਹਿਬ ਤੇ ਗੁਰਦੁਆਰ ਬੋਹਰੀ ਸਾਹਿਬ ਵਿਚ ਨਤਮਸਤਕ ਹੋਏ। ਬਾਅਦ ਵਿਚ ਸੁਖਬੀਰ ਸਿੰਘ ਬਾਦਲ ਨੇ ਰਣਜੀਤ ਐਵੇਨਿਊ ਇਲਾਕੇ ਵਿਚ ਅਨਿਲ ਜੋਸ਼ੀ ਵਲੋਂ ਆਯੋਜਤ ਵਿਸ਼ਾਲ ਰੈਲੀ ਕੀਤੀ ਜਿਥੇ ਲੋਕਾਂ ਨੇ ਹਾਰ ਪਾ ਕੇ, ਫੁੱਲਾਂ ਦੀ ਵਰਖਾ ਕਰ ਕੇ ਅਤੇ ਮਠਿਆਈਆਂ ਵੰਡ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਡਾ. ਦਲਬੀਰ ਸਿੰਘ ਵੇਰਕਾ, ਅਨਿਲ ਜੋਸ਼ੀ, ਗੁਰਪ੍ਰਤਾਪ ਟਿੱਕਾ, ਤਲਬੀਰ ਗਿੱਲ ਤੇ ਰਾਜਿੰਦਰ ਸਿੰਘ ਮਹਿਤਾ ਵੀ ਹਾਜ਼ਰ ਸਨ।
ਕੈਪਸ਼ਨ—ਏ ਐਸ ਆਰ ਬਹੋੜੂ— 10— —3—