
ਖੰਨਾ ’ਚ ਗਰਭਵਤੀ ਔਰਤ ਨੇ ਸਿਵਲ ਹਸਪਤਾਲ ਦੇ ਬਾਹਰ ਸੜਕ ’ਤੇ ਦਿਤਾ ਬੱਚੇ ਨੂੰ ਜਨਮ
ਖੰਨਾ, 10 ਅਕਤੂਬਰ (ਅਰਵਿੰਦਰ ਸਿੰਘ ਟੀਟੂ, ਹਰਵਿੰਦਰ ਸਿੰਘ ਚੀਮਾ) : ਡਾਕਟਰਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਪ੍ਰੰਤੂ ਜਦੋਂ ਡਾਕਟਰ ਹੀ ਅਪਣੇ ਕਿੱਤੇ ਪ੍ਰਤੀ ਲਾਪ੍ਰਵਾਹੀ ਵਰਤਣ ਲੱਗ ਜਾਣ ਤਾਂ ਰੱਬ ਹੀ ਰਾਖਾ ਹੈ। ਖੰਨਾ ਵਿਚ ਅਜਿਹੀ ਹੀ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿਤਾ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਏਸ਼ੀਆ ਦੀ ਸੱਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੇ ਜਾਂਦੇ ਸ਼ਹਿਰ ਖੰਨਾ ਵਿਚ ਜੀ.ਟੀ. ਰੋਡ ’ਤੇ ਸਥਿਤ ਸਰਕਾਰੀ ਹਸਪਤਾਲ ’ਚ ਡਾਕਟਰ ਦੀ ਲਾਪਰਵਾਹੀ ਕਾਰਨ ਇਕ ਔਰਤ ਨੇ ਸੜਕ ਉਪਰ ਹੀ ਬੱਚੇ ਨੂੰ ਜਨਮ ਦੇ ਦਿਤਾ। ਇਸ ਘਟਨਾ ਨੇ ਜਿਥੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦਾ ਅਸਲੀ ਚਿਹਰਾ ਮੁੜ ਤੋਂ ਲੋਕਾਂ ਸਾਹਮਣੇ ਲਿਆਂਦਾ ਹੈ, ਉਥੇ ਹੀ ਪੰਜਾਬ ਸਰਕਾਰ ਦੇ ਸਿਹਤ ਸਹੂਲਤਾਂ ਦੇ ਦਾਅਵੇ ਦੀ ਪੋਲ ਵੀ ਖੋਲੀ ਹੈ। ਜਾਣਕਾਰੀ ਅਨੁਸਾਰ ਮਿਲਟਰੀ ਗਰਾਊਂਡ ਖੰਨਾ ਵਿਖੇ ਝੱੁਗੀਆਂ ਵਿਚ ਰਹਿਣ ਵਾਲੇ ਕ੍ਰਿਸ਼ਨ ਦੀ ਪਤਨੀ ਮੀਰਾ ਨੂੰ ਜਣੇਪੇ ਦਾ ਦਰਦ ਹੋਇਆ ਤਾਂ ਉਹ ਅਪਣੀ ਘਰਵਾਲੀ ਨੂੰ ਲੈ ਕੇ ਸਰਕਾਰੀ ਹਸਪਤਾਲ ਲੈ ਗਿਆ। ਕ੍ਰਿਸ਼ਨ ਨੇ ਦਸਿਆ ਕਿ ਉਥੇ ਡਾਕਟਰ ਨੇ ਇਲਾਜ ਕਰਨ ਤੋਂ ਮਨਾ ਕਰ ਦਿਤਾ। ਜਦੋਂ ਉਹ ਅਪਣੀ ਘਰਵਾਲੀ ਨੂੰ ਲੈ ਕੇ ਬਾਹਰ ਨਿਕਲਿਆ ਤਾਂ ਉਸ ਦੀ ਘਰਵਾਲੀ ਨੇ ਬੱਚੇ ਨੂੰ ਜਨਮ ਦੇ ਦਿਤਾ। ਕਹਿਣ ਨੂੰ ਖੰਨਾ ਦੇ ਸਿਵਲ ਹਸਪਤਾਲ ਨੂੰ ਟਰਾਮਾ ਸੈਂਟਰ ਬਣਾਇਆ ਗਿਆ ਹੈ, ਇਥੇ ਜੱਚਾ-ਬੱਚਾ ਨਾਮ ਦਾ ਵੱਖਰਾ ਸੈਂਟਰ ਵੀ ਬਣਿਆ ਹੋਇਆ ਹੈ। ਸਿਵਲ ਹਸਪਤਾਲ ਵਿਚ ਸਰਕਾਰ ਦੇ ਇਹ ਦਾਅਵੇ ਕਰਦੇ ਪੋਸਟਰ ਲੱਗੇ ਹਨ ਕਿ ਇਥੇ ਮਹਿਲਾਵਾਂ ਦੀ ਡਿਲਵਰੀ ਅਤੇ ਨਵ-ਜਨਮੇ ਬੱਚਿਆਂ ਦਾ ਵੀ ਮੁਫ਼ਤ ਇਲਾਜ ਹੁੰਦਾ ਹੈ, ਪ੍ਰੰਤੂ ਅੱਜ ਦੀ ਘਟਨਾ ਨੇ ਸਿਵਲ ਹਸਪਤਾਲ ਦੀ ਕਾਰਜਪ੍ਰਣਾਲੀ ਸਾਹਮਣੇ ਲੈ ਆਂਦੀ ਹੈ।
ਦੂਜੇ ਪਾਸੇ ਸਿਵਲ ਹਸਪਤਾਲ ਖੰਨਾ ਦੇ ਐਸ. ਐਮ ਓ. ਡਾ. ਸ਼ਤਪਾਲ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਣ ’ਤੇ ਉਹ ਤੁਰਤ ਹਸਪਤਾਲ ਪੁੱਜੇ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋੋਸ਼ੀ ਪਾਇਆ ਗਿਆ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਫੋਟੋ ਕੈਪਸ਼ਨ----03-----ਪੀੜ੍ਹਤ ਮਹਿਲਾ ਨਵਜੰਮੇ ਬੱਚੇ ਨਾਲ। ------ਫੋਟੋ---- ਅਰਵਿੰਦਰ ਸਿੰਘ ਟੀਟੂ