
ਬਰਨਾਲਾ ਵਿਖੇ ਹੋਈ ਕਿਸਾਨ ਮਹਾਂ ਪੰਚਾਇਤ
ਅਨਾਜ ਮੰਡੀ ਖਚਾਖਚ ਭਰੀ ਦੇਖ ਕਿਸਾਨਾਂ ਦੇ ਹੌਂਸਲੇ
ਬਰਨਾਲਾ, 10 ਅਕਤੂਬਰ (ਕੁਲਦੀਪ ਗਰੇਵਾਲ) : ਸਥਾਨਕ ਅਨਾਜ ਮੰਡੀ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (ਪੰਜਾਬ) ਵਲੋਂ ਯੂ.ਪੀ ਦੇ ਲਖੀਮਪੁਰ ਖੇੜੀ ’ਚ ਸ਼ਹੀਦ ਹੋਏ ਕਿਸਾਨ ਵੀਰਾਂ ਦੀ ਸ਼ਹਾਦਤ ਅਤੇ ਸਰਕਾਰ ਨੂੰ ਚਿਤਾਵਨੀ ਦੇਣ ਲਈ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿਚ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਕਿਸਾਨ ਨੇਤਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਅਨਾਜ ਮੰਡੀ ਖਚਾਖਚ ਭਰੀ ਦੇਖ ਕਿਸਾਨਾਂ ਦੇ ਹੌਂਸਲੇ ਬੁਲੰਦ ਸਨ। ਰੈਲੀ ਦੌਰਾਨ ਵੱਖ ਵੱਖ ਆਗੂਆਂ ਵਲੋਂ ਵੱਖ ਵੱਖ ਤਕਰੀਰਾਂ ਪੇਸ਼ ਕੀਤੀਆਂ ਗਈਆਂ ਜਿਸ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਸੰਘਰਸ਼ ਸ਼ੂਰੂ ਕਰਨ ਦੀ ਵੀ ਗੱਲ ਕਹੀ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਜਗਜੀਤ ਸਿੰਘ ਡੱਲੇਵਾਲ, ਅਭਿਮੰਨਿਊ ਕੋਹਾੜ, ਗੁਰਜੀਤ ਕੌਰ, ਅਮਨਦੀਪ ਕੌਰ, ਅਮਿਤੋਜ ਮਾਨ ਫ਼ਿਲਮ ਡਾਇਰੈਕਟਰ, ਡਿੰਪਾ ਸਿੰਘ ਕਿਸਾਨ ਬਚਾਓ ਮੋਰਚਾ ਤੇ ਗੀਤਕਾਰ ਗੁਰਵਿੰਦਰ ਬਰਾੜ, ਗੀਤਕਾਰ ਬੱਬੂ ਬਰਾੜ ਨੇ ਕਿਹਾ ਕਿ ਸਰਕਾਰ ਵਲੋਂ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ, ਉਨ੍ਹਾਂ ’ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਭਾਵੇਂ ਕਿਸਾਨੀ ਕਰਜ਼ੇ ਦੀ ਗੱਲ, ਭਾਵੇਂ ਨਸ਼ੇ ਦੀ ਗੱਲ ਹੋਵੇ, ਸਗੋਂ ਕਿਸਾਨੀ ਉਪਰ ਹੋਰ ਸ਼ਿਕੰਜਾ ਕਸਦਿਆਂ ਕਿਸਾਨ ਤੋਂ ਫ਼ਸਲ ਦੀ ਖ਼ਰੀਦ ਲਈ ਜਮ੍ਹਾਂ ਬੰਦੀਆਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਪ੍ਰਤੀ ਏਕੜ 28.8 ਕੁਇੰਟਲ ਜਾਂ ਜੋ ਵੀ ਕੋਈ ਸ਼ਰਤ ਕਿਸਾਨਾਂ ਉਪਰ ਲਗਾਈ ਗਈ ਹੈ, ਇਹ ਬਰਦਾਸ਼ਤ ਯੋਗ ਨਹੀਂ ਹੈ। ਇਸ ਨੂੰ ਤੁਰਤ ਹਟਾਇਆ ਜਾਵੇ ਤੇ ਬਿਨਾਂ ਜਮ੍ਹਾਂਬੰਦੀ ਕਿਸਾਨਾਂ ਦਾ ਦਾਣਾ ਦਾਣਾ ਮੰਡੀ ’ਚ ਖ਼ਰੀਦਿਆ ਜਾਣਾ ਚਾਹੀਦਾ ਹੈ ਤੇ ਨਰਮੇ ਦੀ ਬੈਲਟ ਵਾਲੇ ਏਰੀਆ ’ਚ ਬੀ.ਟੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕੀਤਾ ਹੈ ਜਦਕਿ ਕੰਪਨੀਆਂ ਵਲੋਂ ਬੀ.ਟੀ ਬੀਜ ’ਤੇ ਕਿਸੇ ਵੀ ਸੂੰਡੀ ਜਾਂ ਤੇਲੇ ਆਦਿ ਦਾ ਫ਼ਸਲ ’ਤੇ ਅਸਰ ਨਾ ਹੋਣ ਦਾ ਵਿਸ਼ਵਾਸ਼ ਦਵਾਇਆ ਗਿਆ ਸੀ, ਜੋ ਸਰਾਸਰ ਝੂਠਾ ਸਾਬਤ ਹੋਇਆ ਹੈ। ਇਸ ਲਈ ਜ਼ਿੰਮੇਵਾਰ ਕੰਪਨੀਆਂ ਵਿਰੁਧ ਸਰਕਾਰ ਕੇਸ ਦਰਜ ਕਰੇ ਤੇ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਮੁਆਵਜ਼ਾ ਦਿਤਾ ਜਾਵੇ ਤੇ ਪਿੰਡਾਂ ਦੇ ਬੇਜ਼ਮੀਨੀ ਖੇਤੀ ਨਾਲ ਜੁੜੇ ਵਰਗਾਂ ਨੂੰ ਮੁਆਵਜ਼ੇ ’ਚ ਸ਼ਾਮਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ 26 ਨਵੰਬਰ 2020 ਤੋਂ ਰੇਲਾਂ ਦੀਆਂ ਪਟੜੀਆਂ, ਸੜਕਾਂ ਜਾਂ ਟੋਲਾਂ ਆਦਿ ’ਤੇ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਦਿੱਲੀ ’ਚ ਸ਼ਹੀਦ ਹੋਏ ਕਿਸਾਨਾਂ ਦੀ ਤਰਜ ’ਤੇ ਮੁਆਵਜ਼ਾ ਤੇ ਸਰਕਾਰੀ ਨੌਕਰੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਬੂਟਾ ਸਿੰਘ ਸਾਦੀਪੁਰ ਅਤੇ ਗੁਰਜੀਤ ਕੌਰ ਫਤਿਹਗੜ੍ਹ ਸਾਹਿਬ ਵਲੋਂ ਕਿਸਾਨਾਂ ਨੂੰ ਕਰਜ਼ੇ ਵਿਚੋਂ ਕੱਢਣ ਲਈ ਅਫ਼ੀਮ ਦੀ ਖੇਤੀ ਕਰਨ ਲਈ ਕਿਹਾ।
ਆਗੂਆਂ ਕਿਹਾ ਕਿ ਇਸ ਸਮੇਂ ਪਛੇਤੇ ਝੋਨੇ, ਬਾਸਪਤੀ ਤੇ ਅਗੇਤੀਆਂ ਸਬਜੀਆਂ ਆਦਿ ਨੂੰ ਬਿਜਲੀ ਦੀ ਵੱਡੀ ਜਰੂਰਤ ਹੈ। ਇਸ ਲਈ ਬਿਜਲੀ ਸਪਲਾਈ ਯਕੀਨੀ ਤੇ ਤੁਰੰਤ ਬਹਾਲ ਕੀਤੀ ਜਾਵੇ। ਕਿਉਂਕਿ ਕਿਸਾਨਾਂ ਨੂੰ ਬਿਜਲੀ ਸਿਰਫ 1 ਜਾਂ 2 ਘੰਟੇ ਮਿਲ ਰਹੀ ਹੈ, ਜਿਸ ਨਾਲ ਭਾਰੀ ਨੁਕਸਾਨ ਦਾ ਖਦਸ਼ਾ ਹੈ। ਭਰਵੇਂ ਇਕੱਠ ਦੌਰਾਨ ਸਾਰਿਆਂ ਨੇ 2 ਮਿੰਟ ਦਾ ਮੌਨ ਧਾਰ ਕੇ ਪਿਛਲੇ ਦਿਨੀਂ ਲਖੀਮਪੁਰ ਖੀਰੀ ਤੇ ਹੁਣ ਤੱਕ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ। ਜਿੰਮੇਵਾਰ ਲੋਕਾਂ ਮੰਤਰੀਆਂ ਆਦਿ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਖਿਲਾਫ ਕੇਸ ਦਰਜ ਕੀਤੇ ਜਾਣ ਨਹੀਂ ਤਾਂ ਸਰਕਾਰ ਸਖਤ ਐਕਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
10---3ਬੀ