
ਬਰਨਾਲਾ ਰੈਲੀ ਵਿਚ ਪਹੁੰਚੀਆਂ ਬੀਬੀਆਂ ਨੇ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਬਰਨਾਲਾ, 10 ਅਕਤੂੁਬਰ (ਚਰਨਜੀਤ ਸਿੰਘ ਸੁਰਖਾਬ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਅੱਜ ਬਰਨਾਲਾ ਵਿਚ ਇਕ ਵਿਸ਼ਾਲ ਕਿਸਾਨ ਰੈਲੀ ਰੱਖੀ ਗਈ ਹੈ। ਇਨ੍ਹਾਂ ਕਿਸਾਨ ਰੈਲੀਆਂ ਵਿਚ ਸ਼ੁਰੂ ਤੋਂ ਲੈ ਕੇ ਹੁਣ ਤਕ ਬੀਬੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ, ਫਿਰ ਭਾਵੇਂ ਉਹ ਸਿੰਘੂ ਬਾਰਡਰ ਹੋਵੇ, ਟਿਕਰੀ ਬਾਰਡਰ ਹੋਵੇ ਜਾਂ ਕੋਈ ਹੋਰ ਬਾਰਡਰ ਹੋਵੇ। ਇਨ੍ਹਾਂ ਰੈਲੀਆਂ ਵਿਚ ਬੀਬੀਆਂ ਦੀ ਸ਼ਮੂਲੀਅਤ ਬਹੁਤ ਵੱਡੀ ਹੁੰਦੀ ਹੈ ਅਤੇ ਉਹ ਮਜ਼ਬੂਤੀ ਨਾਲ ਡੱਟੀਆਂ ਹੋਈਆਂ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਅੱਜ ਬਰਨਾਲਾ ਰੈਲੀ ਵਿਚ ਬੀਬੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉੱਥੇ ਮੌਜੂਦ ਬੀਬੀਆਂ ਤੇ ਬਜ਼ੁਰਗ ਮਾਤਾਵਾਂ ਨੇ ਕਿਸਾਨੀ ਮੁੱਦੇ ਨੂੰ ਲੈ ਕੇ ਅਪਣੇ ਵਿਚਾਰ ਸਾਂਝੇ ਕੀਤੇ ਹਨ।
ਕਈ ਲੋਕਾਂ ਅਤੇ ਰਾਜਨੀਤਕ ਨੇਤਾਵਾਂ ਵਲੋਂ ਕਿਸਾਨਾਂ ਲਈ ਅਤਿਵਾਦੀ, ਖ਼ਾਲਿਸਤਾਨੀ ਜਾਂ ਨਕਸਲਵਾਦੀ ਵਰਗੀ ਸ਼ਬਦਾਵਲੀ ਵਰਤੀ ਗਈ ਹੈ, ਇਸ ’ਤੇ ਇਕ ਕਿਸਾਨ ਬੀਬੀ ਦਾ ਕਹਿਣਾ ਹੈ ਕਿ ਇਹ ਸਾਰੀਆਂ ਗੱਲਾਂ ਗ਼ਲਤ ਹਨ ਅਤੇ ਸਾਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਗ਼ਲਤ ਨਹੀਂ ਹਨ ਅਤੇ ਕੇਂਦਰ ਸਰਕਾਰ ਸਾਡੀਆਂ ਜ਼ਮੀਨਾਂ ਹੜੱਪਣਾ ਚਾਹੁੰਦੀ ਹੈ, ਜੋ ਕਿ ਅਸੀਂ ਹੋਣ ਨਹੀਂ ਦੇਵਾਂਗੇ। ਬੀਬੀਆਂ ਨੇ ਕਿਹਾ ਕਿ ਸਰਕਾਰ ਨੂੰ ਮੰਨਣਾ ਹੀ ਪਵੇਗਾ, ਉਨ੍ਹੀਂ ਦੇਰ ਧਰਨੇ ਲਾਉਣ ਤੋਂ ਅਸੀਂ ਹਟਾਂਗੇ ਨਹੀਂ। ਲਖੀਮਪੁਰ ’ਚ ਵਾਪਰੀ ਘਟਨਾ ’ਤੇ ਕਿਸਾਨ ਬੀਬੀਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀਆਂ ਹਨ। ਕਿਸਾਨਾਂ ਉਪਰ ਅਜਿਹਾ ਅਤਿਆਚਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੈਸਿਆਂ ਨਾਲ ਮਨੁੱਖੀ ਜੀਵਨ ਦਾ ਮੁਲ ਨਹੀਂ ਪੈ ਸਕਦਾ, ਜਿਨ੍ਹਾਂ ਮਾਵਾਂ ਦੇ ਪੁੱਤ ਮਰਦੇ ਹਨ, ਉਨ੍ਹਾਂ ਨੂੰ ਹੀ ਉਸ ਦੁੱਖ ਦਾ ਅਹਿਸਾਸ ਹੁੰਦਾ ਹੈ। ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਸਾਨ ਬੀਬੀਆਂ ਨੇ ਕਿਹਾ ਕਿ, “ਜੇਕਰ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਕਰ ਦਿੰਦੀ ਹੈ ਤਾਂ ਵੀ ਅਸੀਂ ਉਨ੍ਹਾਂ ਨੂੰ ਵੋਟ ਨਹੀਂ ਪਾਵਾਂਗੇ ਕਿਉਂਕਿ ਇਨ੍ਹਾਂ ਕਰ ਕੇ ਬਹੁਤ ਸਾਰੇ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ।” ਉਨ੍ਹਾਂ ਕਿਹਾ ਕਿ ਬਾਕੀ ਰਾਜਨੀਤਕ ਪਾਰਟੀਆਂ ਜੇਕਰ ਕਿਸਾਨਾਂ ਦਾ ਸਾਥ ਦੇਣਾ ਚਾਹੁੰਦੀਆਂ ਹਨ ਤਾਂ ਹਮੇਸ਼ਾ ਅੱਗੇ ਹੋਣ ਦੀ ਹੀ ਲੋੜ ਨਹੀਂ ਹੁੰਦੀ, ਪਿੱਛੇ ਰਹਿ ਕੇ ਵੀ ਕਿਸਾਨਾਂ ਦਾ ਸਾਥ ਦਿਤਾ ਜਾ ਸਕਦਾ ਹੈ।