
ਫ਼ਰਜ਼ੀ ਮੁਕਾਬਲੇ 'ਚ ਮਾਰੇ ਗਏ ਸਕੇ ਭਰਾਵਾਂ ਦਾ 8 ਸਾਲ ਬਾਅਦ ਮਾਪਿਆਂ ਨੂੰ ਮਿਲਿਆ ਇਨਸਾਫ਼
ਅਕਾਲੀ ਆਗੂ ਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਹੋਈ ਉਮਰ ਕੈਦ
ਲੁਧਿਆਣਾ, 10 ਅਕਤੂਬਰ (ਆਰ.ਪੀ ਸਿੰਘ) : ਜਮਾਲਪੁਰ ਫ਼ਰਜ਼ੀ ਐਨਕਾਊਾਟਰ ਮਾਮਲੇ 'ਚ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਇਸ ਤੋਂ ਇਲਾਵਾ ਉਸ ਨੂੰ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿਤੇ ਗਏ ਹਨ | ਅਦਾਲਤ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਮੁਆਵਜ਼ੇ ਦੀ ਰਕਮ ਵਧਾਉਣ ਦੇ ਨਿਰਦੇਸ਼ ਦਿਤੇ ਹਨ | ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ, ਯਾਦਵਿੰਦਰ ਸਿੰਘ ਤੇ ਅਜੀਤ ਸਿੰਘ ਵਜੋਂ ਹੋਈ ਹੈ |
ਦਸਣਯੋਗ ਹੈ ਕਿ 8 ਸਾਲ ਪਹਿਲਾਂ ਸਤੰਬਰ 2014 'ਚ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ਇਲਾਕੇ 'ਚ ਪੁਲਿਸ ਨੇ ਫ਼ਰਜ਼ੀ ਮੁਕਾਬਲਾ ਕੀਤਾ ਸੀ, ਜਿਸ ਵਿਚ ਦੋ ਸਕੇ ਭਰਾਵਾਂ ਪਿੰਡ ਭੋਇਪੁਰ ਨਿਵਾਸੀ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਦੀ ਬੇਰਹਿਮੀ ਨਾਲ ਹਤਿਆ ਕਰ ਦਿਤੀ ਗਈ ਸੀ | ਜਮਾਲਪੁਰ ਦੀ ਇਕ ਕੋਠੀ 'ਚ ਹੋਏ ਫ਼ਰਜ਼ੀ ਐਨਕਾਊਾਟਰ ਮਾਮਲੇ 'ਚ ਅਦਾਲਤ ਨੇ 8 ਸਾਲ ਬਾਅਦ ਇਕ ਪੁਲਿਸ ਮੁਲਾਜ਼ਮ, ਹੋਮਗਾਰਡ ਤੇ ਇਕ ਅਕਾਲੀ ਆਗੂ ਨੂੰ ਦੋਸ਼ੀ ਕਰਾਰ ਦਿਤਾ ਸੀ | ਇਹ ਬੇਹੱਦ ਹਾਈਪ੍ਰੋਫ਼ਾਈਲ ਕੇਸ ਚੋਣਾਂ ਵੇਲੇ ਸਿਆਸੀ ਮੁੱਦਾ ਵੀ ਬਣਿਆ ਸੀ ਤੇ ਇਸ ਕੇਸ ਵਿਚ ਥਾਣਾ ਮਾਛੀਵਾੜਾ ਦਾ ਉਦੋਂ ਦਾ ਇੰਚਾਰਜ ਇੰਸਪੈਕਟਰ ਮਨਜਿੰਦਰ ਸਿੰਘ ਹਾਲੇ ਵੀ ਫ਼ਰਾਰ ਚਲ ਰਿਹਾ ਹੈ | ਅਦਾਲਤ ਵਲੋਂ ਸਿਪਾਹੀ ਯਾਦਵਿੰਦਰ ਸਿੰਘ, ਪੰਜਾਬ ਹੋਮਗਾਰਡ ਜਵਾਨ ਅਜੀਤ ਸਿੰਘ ਤੇ ਅਕਾਲੀ ਆਗੂ ਗੁਰਜੀਤ ਸਿੰਘ ਨੂੰ ਦੋਸ਼ੀ ਕਰਾਰ ਦਿਤਾ ਹੈ ਜਦਕਿ ਇਸ ਮਾਮਲੇ 'ਚ ਬਲਦੇਵ ਸਿੰਘ ਨਾਂ ਦੇ ਪੰਜਾਬ ਹੋਮਗਾਰਡ ਜਵਾਨ ਨੂੰ ਬਰੀ ਕਰ ਦਿਤਾ ਗਿਆ ਹੈ |
ਜ਼ਿਕਰਯੋਗ ਹੈ ਕਿ 27 ਸਤੰਬਰ 2014 ਨੂੰ ਮਾਛੀਵਾੜਾ ਪੁਲਿਸ ਦੇ ਸਿਪਾਹੀ ਯਾਦਵਿੰਦਰ ਸਿੰਘ, ਪੰਜਾਬ ਹੋਮ ਗਾਰਡ ਦੇ ਜਵਾਨ ਅਜੀਤ ਸਿੰਘ, ਬਲਦੇਵ ਸਿੰਘ ਤੇ ਅਕਾਲੀ ਆਗੂ ਗੁਰਜੀਤ ਸਿੰਘ ਲੁਧਿਆਣਾ ਦੇ ਜਮਾਲਪੁਰ ਏਰੀਆ ਦੀ ਆਹਲੂਵਾਲੀਆ ਕਾਲੋਨੀ 'ਚ ਹਰਿੰਦਰ ਸਿੰਘ ਤੇ ਜਤਿੰਦਰ ਸਿੰਘ ਨਾਂ ਦੇ ਦੋ ਨੌਜਵਾਨਾਂ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ | ਪੁਲਿਸ ਨੇ ਇਸ ਨੂੰ ਐਨਕਾਊਾਟਰ ਦਸਿਆ ਸੀ ਪਰ ਬਾਅਦ ਵਿਚ ਇਹ ਪੂਰੀ ਤਰ੍ਹਾਂ ਨਾਲ ਫ਼ਰਜ਼ੀ ਮਾਮਲਾ ਸਾਬਿਤ ਹੋਇਆ ਸੀ | ਹਰਿੰਦਰ ਸਿੰਘ ਤੇ ਜਤਿੰਦਰ ਸਿੰਘ 'ਤੇ ਇਰਾਦਾ ਹੱਤਿਆ, ਲੁੱਟ ਤੇ ਕੁੱਟਮਾਰ ਦੇ ਕਈ ਮਾਮਲੇ ਦਰਜ ਸਨ ਤੇ ਪੁਲਿਸ ਅਕਾਲੀ ਆਗੂ ਨੂੰ ਨਾਲ ਲੈ ਕੇ ਉਸ ਨੂੰ ਫੜਨ ਇਥੇ ਆਈ ਸੀ |