
ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ: ਦੇਸ਼ ਦੇ ਕਈ ਸ਼ਹਿਰਾਂ ਵਿਚ 5ਜੀ ਸੇਵਾ ਸ਼ੁਰੂ ਹੋਣ ਦੇ ਨਾਲ ਹੀ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਇਹਨੀਂ ਦਿਨੀਂ ਸਾਈਬਰ ਠੱਗ ਲੋਕਾਂ ਨੂੰ 5ਜੀ ਸਿਮ ਅਪਗ੍ਰੇਡ ਕਰਨ ਦੇ ਨਾਂ ’ਤੇ ਫੋਨ ਕਰਕੇ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਸਾਈਬਰ ਠੱਗ ਤੁਹਾਨੂੰ ਫੋਨ ਕਰਕੇ ਤੁਹਾਡਾ ਸਿਮ ਅਪਗ੍ਰੇਡ ਕਰਨ ਲਈ ਕਹਿ ਸਕਦੇ ਹਨ। ਉਹ ਤੁਹਾਨੂੰ ਫੋਨ ਕਰਕੇ ਕਹਿਣਗੇ ਕਿ ਤੁਹਾਡਾ ਸਿਮ ਕਾਰਡ 4ਜੀ ਤੋਂ 5ਜੀ ਵਿਚ ਅਪਡੇਟ ਕਰਨਾ ਹੈ ਅਤੇ ਇਸ ਸਬੰਧੀ ਤੁਹਾਨੂੰ ਇਕ ਓਟੀਪੀ ਦੇਣ ਲਈ ਕਿਹਾ ਜਾਵੇਗਾ। ਜਦੋਂ ਤੁਸੀਂ ਉਹਨਾਂ ਨੂੰ ਆਪਣੇ ਫੋਨ ਉੱਤੇ ਆਇਆ ਓਟੀਪੀ ਦੱਸ ਦਿਓਗੇ ਤਾਂ ਉਹ ਤੁਹਾਡੇ ਬੈਂਕ ਖਾਤੇ ਦੇ ਸਾਰੇ ਪੈਸੇ ਆਪਣੇ ਖਾਤੇ ਵਿਚ ਟ੍ਰਾਂਸਫਰ ਕਰ ਲੈਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ 'ਚ ਕੁਝ ਲੋਕ ਵਟਸਐਪ 'ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਦੀ ਫੋਟੋ ਪਾ ਕੇ ਪੁਲਿਸ ਮੁਲਾਜ਼ਮਾਂ ਨੂੰ ਮੈਸੇਜ ਭੇਜ ਕੇ ਐਮਾਜ਼ਾਨ ਤੋਹਫ਼ੇ ਆਦਿ ਮੰਗ ਰਹੇ ਸਨ। ਸਾਈਬਰ ਅਪਰਾਧੀਆਂ ਦਾ ਮਨੋਬਲ ਇਸ ਹੱਦ ਤੱਕ ਵਧ ਗਿਆ ਹੈ ਕਿ ਉਹ ਪੁਲਿਸ ਕਮਿਸ਼ਨਰ ਦੀ ਫੋਟੋ ਤੱਕ ਵੀ ਵਰਤਣ ਲੱਗ ਪਏ ਹਨ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸਾਈਬਰ ਠੱਗੀ ਤੋਂ ਬਚਿਆ ਜਾ ਸਕੇ।