
ਸੈਫ਼ਈ 'ਚ ਜਨਸੈਲਾਬ ਵਿਚਾਲੇ ਮੁਲਾਇਮ ਸਿੰਘ ਯਾਦਵ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ, ਅਖਿਲੇਸ਼ ਨੇ ਕੀਤੀ ਅਗਨੀ
ਸੈਫਈ, 11 ਅਕਤੂਬਰ : ਦਿਗਜ ਸਮਾਜਵਾਦੀ ਨੇਤਾ ਅਤੇ ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦਾ ਮੰਗਲਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿਤਾ ਗਿਆ | ਨੇਤਾ ਜੀ ਦੇ ਅੰਤਿਮ ਦਰਸ਼ਨਾਂ ਲਈ ਇਕੱਠੀ ਹੋਈ ਭੀੜ ਦੇ ਵਿਚਕਾਰ, ਉਨ੍ਹਾਂ ਦੇ ਵੱਡੇ ਪੁੱਤਰ ਅਖਿਲੇਸ਼ ਯਾਦਵ ਨੇ ਨਮ ਅੱਖਾਂ ਨਾਲ ਅਪਣੇ ਪਿਤਾ ਨੂੰ ਅਗਨੀ ਦਿਤੀ | ਅੰਤਿਮ ਸਸਕਾਰ ਦੌਰਾਨ ਉਥੇ ਮੌਜੂਦ ਲੋਕਾਂ ਨੇ 'ਨੇਤਾਜੀ-ਅਮਰ ਰਹੇ' ਅਤੇ 'ਮੁਲਾਇਮ ਸਿੰਘ ਯਾਦਵ-ਅਮਰ ਰਹੇ, ਅਮਰ ਰਹੇ' ਦੇ ਨਾਹਰੇ ਲਾਏ |
ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਯਾਦਵ ਦਾ ਸੋਮਵਾਰ ਨੂੰ ਗੁਰੂਗ੍ਰਾਮ (ਹਰਿਆਣਾ) ਦੇ ਮੇਦਾਂਤਾ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ | ਉਹ 82 ਸਾਲ ਦੇ ਸਨ | ਸੋਮਵਾਰ ਸ਼ਾਮ ਉਨ੍ਹਾਂ ਦੀ ਦੇਹ ਨੂੰ ਸੈਫਈ ਲਿਆਂਦਾ ਗਿਆ ਅਤੇ ਉਨ੍ਹਾਂ ਦੀ ਕੋਠੀ ਵਿਚ ਰਖਿਆ ਗਿਆ, ਜਿਥੇ ਹਜ਼ਾਰਾਂ ਲੋਕ 'ਨੇਤਾ ਜੀ' ਨੂੰ ਅੰਤਿਮ ਵਿਦਾਈ ਦੇਣ ਪਹੁੰਚੇ | ਯਾਦਵ ਅਪਣੇ ਸਮਰਥਕਾਂ ਅਤੇ ਵਰਕਰਾਂ ਵਿਚ 'ਨੇਤਾਜੀ' ਦੇ ਨਾਂ ਨਾਲ ਮਸ਼ਹੂਰ ਸਨ |
ਅੱਜ ਸਵੇਰੇ ਅਖਿਲੇਸ਼ ਯਾਦਵ ਅਤੇ ਹੋਰ ਪ੍ਰਵਾਰਕ ਮੈਂਬਰ ਮੁਲਾਇਮ ਦੀ ਦੇਹ ਨੂੰ ਰੱਥ ਵਿਚ ਲੈ ਕੇ 'ਕੋਠੀ' ਤੋਂ ਮੇਲਾ ਮੈਦਾਨ ਵਿਚ ਪਹੁੰਚੇ, ਜਿਥੇ ਇਸ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਇਕ ਵਿਸ਼ਾਲ ਥੜ੍ਹੇ 'ਤੇ ਰਖਿਆ ਗਿਆ ਸੀ | ਜਦੋਂ ਰੱਥ ਮੇਲਾ ਮੈਦਾਨ ਵਿਚ ਪਹੁੰਚਿਆ ਤਾਂ ਉੱਥੇ ਮਾਹੌਲ ਗਮਗੀਨ ਹੋ ਗਿਆ |
ਸਟੇਜ 'ਤੇ ਅਖਿਲੇਸ਼ ਤੋਂ ਇਲਾਵਾ ਉਨ੍ਹਾਂ ਦੇ ਚਾਚਾ ਸ਼ਿਵਪਾਲ ਸਿੰਘ ਯਾਦਵ, ਪ੍ਰੋਫੈਸਰ ਰਾਮ ਗੋਪਾਲ ਯਾਦਵ ਸਮੇਤ ਪਰਵਾਰ ਦੇ ਸਾਰੇ ਮੈਂਬਰ ਨਜ਼ਰ ਆਏ | ਪਰਵਾਰ ਵਾਲਿਆਂ ਨੇ ਸੱਭ ਤੋਂ ਪਹਿਲਾਂ ਨੇਤਾ ਜੀ ਨੂੰ ਫੁੱਲ ਚੜ੍ਹਾ ਕੇ ਵਿਦਾਇਗੀ ਦਿਤੀ | ਸਾਬਕਾ ਸੰਸਦ ਮੈਂਬਰ ਡਿੰਪਲ ਯਾਦਵ ਸਮੇਤ ਪਰਵਾਰ ਦੀਆਂ ਔਰਤਾਂ ਵੀ ਮੌਜੂਦ ਸਨ | ਇਸ ਮੌਕੇ ਸਾਬਕਾ ਮੰਤਰੀ ਓਮ ਪ੍ਰਕਾਸ਼ ਸਿੰਘ ਸਮੇਤ ਕਈ ਸਪਾ ਨੇਤਾਵਾਂ ਨੇ ਵੀ ਯਾਦਵ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ | ਸਪਾ ਦੇ ਸੀਨੀਅਰ ਨੇਤਾ ਆਜਮ ਖ਼ਾਨ ਅਪਣੇ ਵਿਧਾਇਕ ਪੁੱਤਰ ਅਬਦੁੱਲਾ ਆਜਮ ਨਾਲ ਯਾਦਵ ਨੂੰ ਸ਼ਰਧਾਂਜਲੀ ਦੇਣ ਲਈ ਵ੍ਹੀਲਚੇਅਰ 'ਤੇ ਪਹੁੰਚੇ |
ਇਸ ਦੌਰਾਨ ਰਖਿਆ ਮੰਤਰੀ ਰਾਜਨਾਥ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸੇਖਰ ਰਾਓ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਉਪ ਮੁੱਖ ਮੰਤਰੀ ਬ੍ਰਜੇਸ ਪਾਠਕ, ਕੇਂਦਰੀ ਮੰਤਰੀ ਅਪਨਾ ਦਲ (ਐਸ) ਦੀ ਪ੍ਰਧਾਨ ਅਨੁਪਿ੍ਯਾ ਪਟੇਲ, ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ ਖੰਨਾ, ਰਾਜ ਦੇ ਲੋਕ ਨਿਰਮਾਣ ਮੰਤਰੀ ਜਤਿਨ ਪ੍ਰਸਾਦ ਸਮੇਤ ਕਈ ਮੰਤਰੀ, ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ, ਮੱਧ ਪ੍ਰਦੇਸ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ, ਸੀਨੀਅਰ ਕਾਂਗਰਸੀ ਆਗੂ ਪ੍ਰਮੋਦ ਤਿਵਾੜੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਅਤੇ ਸੁਪ੍ਰੀਆ ਸੂਲੇ ਸ਼ਰਧਾਂਜਲੀ ਦੇਣ ਲਈ ਸੈਫਈ ਪੁੱਜੇ | (ਏਜੰਸੀ)