
ਮੁੰਬਈ ਪੁਲਿਸ ਨੇ ਦਾਊਦ ਇਬਰਾਹਿਮ ਦੇ ਗਰੋਹ ਨਾਲ ਜੁੜੇ 5 ਲੋਕਾਂ ਨੂੰ ਕੀਤਾ ਗਿ੍ਫ਼ਤਾਰ
ਮੁੰਬਈ, 11 ਅਕਤੂਬਰ : ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਜਬਰਨ ਵਸੂਲੀ ਦੇ ਇਕ ਮਾਮਲੇ ਵਿਚ ਭਗੌੜੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ 'ਡੀ' ਕੰਪਨੀ ਨਾਲ ਜੁੜੇ 5 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ | ਉਨ੍ਹਾਂ ਦਸਿਆ ਕਿ ਪੁਲਿਸ ਨੇ ਜਬਰਨ ਵਸੂਲੀ ਰੋਕੂ ਸੈਲ (ਏ.ਈ.ਸੀ.) ਨੇ ਹਾਲ ਹੀ ਵਿਚ ਗੈਂਗਸਟਰ ਛੋਟਾ ਸ਼ਕੀਲ ਦੇ ਸਾਲੇ ਸਲੀਮ ਕੁਰੈਸ਼ੀ ਉਰਫ਼ ਸਲੀਮ ਫ਼ਰੂਟ ਅਤੇ ਕਾਰੋਬਾਰੀ ਰਿਆਜ ਭਾਟੀ ਨੂੰ ਰੰਗਦਾਰੀ ਦੇ ਇਕ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਸੀ | ਸਾਰਿਆਂ 'ਤੇ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਦੇ ਅਧੀਨ ਮਾਮਲਾ ਦਰਜ ਕੀਤਾ ਸੀ |
ਅਧਿਕਾਰੀ ਨੇ ਦਸਿਆ ਕਿ ਮਾਮਲੇ ਦੀ ਅੱਗੇ ਦੀ ਜਾਂਚ ਦੌਰਾਨ ਅਜੇ ਗੰਡਾ, ਫਿਰੋਜ, ਸਮੀਰ ਖਾਨ, ਪਾਪਾ ਪਠਾਨ ਅਤੇ ਅਮਜਦ ਰੇਡਕਰ ਦੀ ਭੂਮਿਕਾ ਸਾਹਮਣੇ ਆਈ ਸੀ, ਜਿਸ ਅਨੁਸਾਰ 5 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦਸਿਆ ਕਿ ਦਾਊਦ ਇਬਰਾਹਿਮ ਨਾਲ ਜੁੜੇ ਰਿਆਜ ਭਾਟੀ ਨੂੰ ਪਿਛਲੇ ਮਹੀਨੇ ਮੁੰਬਈ ਦੇ ਵਰਸੋਵਾ ਥਾਣਾ ਪੁਲਿਸ ਨੇ ਜਬਰਨ ਵਸੂਲੀ ਦੇ ਇਕ ਮਾਮਲੇ 'ਚ ਗਿ੍ਫ਼ਤਾਰ ਕੀਤਾ ਸੀ | ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਭਾਟੀ ਨੇ ਵਰਸੋਵਾ ਦੇ ਇਕ ਵਪਾਰੀ ਨੂੰ ਧਮਕਾਇਆ ਅਤੇ ਉਸ ਤੋਂ 30 ਲੱਖ ਰੁਪਏ ਮੁੱਲ ਦੀ ਇਕ ਕਾਰ ਅਤੇ ਲਗਭਗ ਸਾਢੇ 7 ਲੱਖ ਰੁਪਏ ਦੀ ਨਕਦੀ ਦੀ ਮੰਗ ਕੀਤੀ ਸੀ | (ਏਜੰਸੀ)