
ਭਾਰਤ ਦੀ ਵਿਕਾਸ ਯਾਤਰਾ ਦੇ ਦੋ ਥੰਮ੍ਹ ਹਨ ਤਕਨਾਲੋਜੀ ਤੇ ਹੁਨਰ : ਮੋਦੀ
ਹੈਦਰਾਬਾਦ, 11 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਕਰੀਅਰ ਲਈ ਤਕਨਾਲੋਜੀ ਦੀ ਮਹੱਤਤਾ 'ਤੇ ਜੋਰ ਦਿਤਾ | ਉਨ੍ਹਾਂ ਕਿਹਾ ਕਿ ਤਕਨਾਲੋਜੀ ਅਤੇ ਹੁਨਰ ਵਿਕਾਸ ਯਾਤਰਾ ਦੇ ਦੋ ਥੰਮ੍ਹ ਹਨ | ਪ੍ਰਧਾਨ ਮੰਤਰੀ ਮੋਦੀ ਨੇ ਇਥੇ ਹੋ ਰਹੇ ਦੂਜੇ ਸੰਯੁਕਤ ਰਾਸ਼ਟਰ ਵਿਸ਼ਵ ਭੂ-ਸਥਾਨਕ ਸੂਚਨਾ ਸੰਮੇਲਨ 'ਚ ਇਕ ਵੀਡੀਉ ਸੰਦੇਸ਼ ਜਰੀਏ ਕਿਹਾ ਕਿ ਦੇਸ਼ ਅੰਤੋਦਿਆ ਦੇ ਸੁਫਨੇ ਨੂੰ ਸਾਕਾਰ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ, ਜਿਸ ਦਾ ਉਦੇਸ਼ ਆਖਰੀ ਕਤਾਰ 'ਚ ਖੜ੍ਹੇ ਵਿਅਕਤੀ ਨੂੰ ਮਜਬੂਤ ਬਣਾਉਣਾ ਹੈ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕਿੰਗ ਸਹੂਲਤਾਂ ਤੋਂ ਰਹਿਤ 45 ਕਰੋੜ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਮੁਹਈਆ ਕਰਵਾਈ ਗਈ | ਇਹ ਜਨਸੰਖਿਆ ਅਮਰੀਕੀ ਦੀ ਆਬਾਦੀ ਤੋਂ ਵੀ ਵਧ ਹੈ | ਬੀਮਾ ਸਹੂਲਤਾਂ ਤੋਂ ਰਹਿਤ 13 ਕਰੋੜ 50 ਲੱਖ ਲੋਕਾਂ ਦਾ ਬੀਮਾ ਕਰਵਾਇਆ ਗਿਆ ਅਤੇ ਇਹ ਆਬਾਦੀ ਫਰਾਂਸ ਦੀ ਜਨਸੰਖਿਆ ਦੇ ਬਰਾਬਰ ਹੈ | 11 ਕਰੋੜ ਪਰਵਾਰਾਂ ਨੂੰ ਸਵੱਛਤਾ ਸਹੂਲਤਾਂ ਅਤੇ 6 ਕਰੋੜ ਤੋਂ ਵਧ ਪਰਵਾਰਾਂ ਨੂੰ ਨਲ ਜਲ ਦੀ ਸਹੂਲਤ ਪਹੁੰਚਾ ਕੇ ਭਾਰਤ ਯਕੀਨੀ ਕਰ ਰਿਹਾ ਹੈ ਕਿ ਕੋਈ ਪਿੱਛੇ ਨਾ ਛੁੱਟ ਜਾਵੇ | ਭਾਰਤ ਤੁਰਤ ਡਿਜੀਟਲ ਭੁਗਤਾਨ ਦੇ ਮਾਮਲੇ 'ਚ ਦੁਨੀਆ 'ਚ ਚੋਟੀ ਦੇ ਸਥਾਨ 'ਤੇ ਹੈ ਅਤੇ ਇਥੋਂ ਤਕ ਕਿ ਛੋਟੇ ਵਿਕ੍ਰੇਤਾ ਵੀ ਡਿਜੀਟਲ ਭੁਗਤਾਨ ਨੂੰ ਸਵੀਕਾਰ ਕਰਦੇ ਹਨ ਜਾਂ ਉਸ ਨੂੰ ਤਰਜੀਹ ਦਿੰਦੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਕ ਯੁਵਾ ਦੇਸ਼ ਹੈ, ਜਿਸ ਦਾ ਕੱੁਝ ਨਵਾਂ ਸੋਚਣ ਦਾ ਜਜ਼ਬਾ ਗਜਬ ਦਾ ਹੈ | (ਏਜੰਸੀ)