
ਸਰਕਾਰ ਛੇਤੀ ਹਰਿਆਣਾ ਦੇ ਸਿੱਖਾਂ ਨੂੰ ਗੁਰੂ ਘਰ ਦੀ ਸੇਵਾ ਸੌਂਪੇ : ਭੁਪਿੰਦਰ ਸਿੰਘ ਹੁੱਡਾ
ਕਿਹਾ, ਬਾਬਾ ਦੀਪ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ
ਕਰਨਾਲ, 10 ਅਕਤੂਬਰ (ਪਲਵਿੰਦਰ ਸਿੰਘ ਸੱਗੂ): ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਸਰਕਾਰ ਨੂੰ ਸਿੱਖਾਂ ਲਈ ਵਖਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜਲਦੀ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ | ਸਰਕਾਰ ਜਲਦੀ ਹੀ ਸਿੱਖ ਕੌਮ ਦੀ ਸਹਿਮਤੀ ਨਾਲ ਐਡਹਾਕ ਕਮੇਟੀ ਬਣਾਵੇ | ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਯੁੱਗ ਪੁਰਸ਼ ਸਨ | ਉਨ੍ਹਾਂ ਦੇਸ਼ ਅਤੇ ਸਮਾਜ ਦੇ ਹਿਤ ਵਿਚ ਕੁਰਬਾਨੀ ਦਿਤੀ | ਉਨ੍ਹਾਂ ਦੀ ਕੁਰਬਾਨੀ ਨੂੰ ਪੰਥ ਦੇ ਨਾਲ-ਨਾਲ ਦੇਸ਼ ਅਤੇ ਸਮਾਜ ਹਮੇਸ਼ਾ ਯਾਦ ਰੱਖੇਗਾ |
ਭੁਪਿੰਦਰ ਸਿੰਘ ਹੁੱਡਾ ਅੱਜ ਗੁਰਦੁਆਰਾ ਸਿੰਘ ਸਭਾ ਬਾਬਾ ਦੀਪ ਸਿੰਘ ਕਰਨਾਲ ਵਿਖੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ | ਇਸ ਮੌਕੇ ਸੂਬੇ ਭਰ ਦੀਆਂ ਸਿੱਖ ਸੰਗਤਾਂ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸਿਰੋਪਾਉ ਅਤੇ ਕਿਰਪਾਨ ਭੇਟ ਕਰ ਕੇ ਸਨਮਾਨਿਤ ਕੀਤਾ | ਸਿੱਖ ਸੰਗਤ ਨੇ ਹਰਿਆਣਾ ਦੇ ਸਿੱਖਾਂ ਲਈ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਧਨਵਾਦ ਕੀਤਾ | ਸੰਗਤ ਵਲੋਂ ਕਿਹਾ ਗਿਆ ਕਿ ਸਾਬਕਾ ਸੀਐਮ ਹੁੱਡਾ ਵਲੋਂ ਬਣਾਏ ਕਾਨੂੰਨ 'ਤੇ ਸੁਪਰੀਮ ਕੋਰਟ ਨੇ ਅਪਣੀ ਮੋਹਰ ਲਗਾ ਦਿਤੀ ਹੈ | ਇਸ ਲਈ ਹਰਿਆਣਾ ਦੀ ਸਿੱਖ ਸੰਗਤ ਉਨ੍ਹਾਂ ਦੀ ਧਨਵਾਦੀ ਰਹੇਗੀ | ਇਸ ਮੌਕੇ ਦੂਰ-ਦੂਰ ਤੋਂ ਪਹੁੰਚੇ ਰਾਗੀ ਢਾਡੀ ਪ੍ਰਚਾਰਕਾਂ ਨੇ ਬਾਬਾ ਦੀਪ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਸੂਬੇ ਭਰ ਤੋਂ ਆਈਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਗੁਰਮਤਿ ਸਮਾਗਮ ਵਿਚ ਹੁੱਡਾ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਅਰਦਾਸ ਕੀਤੀ | ਪ੍ਰੋਗਰਾਮ ਕੋਆਰਡੀਨੇਟਰ ਸ. ਤਿ੍ਲੋਚਨ ਸਿੰਘ, ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ, ਅਸ਼ੋਕ ਅਰੋੜਾ ਨੇ ਕਿਹਾ ਕਿ ਹਰਿਆਣੇ ਦੇ ਸਿੱਖ ਸਮਾਜ ਨੂੰ ਜੋ ਅਧਿਕਾਰ ਦਿਤੇ ਗਏ ਹਨ, ਉਨ੍ਹਾਂ ਦਾ ਸਿਹਰਾ ਭੁਪਿੰਦਰ ਸਿੰਘ ਹੁੱਡਾ ਦੇ ਸਿਰ ਬੱਝਦਾ ਹੈ | ਜਿਨ੍ਹਾਂ ਲੋਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁਧ ਸਨ | ਇਨ੍ਹਾਂ ਲੋਕਾਂ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਇਸ ਕਾਨੂੰਨ ਦਾ ਵਿਰੋਧ ਕੀਤਾ ਸੀ | ਗੁਰਮਤਿ ਸਮਾਗਮ ਵਿਚ ਸਟੇਜ ਦਾ ਸੰਚਾਲਨ ਸਾਬਕਾ ਸਰਪੰਚ ਰੁਕਸਾਨਾ ਜੋਧ ਸਿੰਘ ਨੇ ਕੀਤਾ |