
ਕਿਸੇ ਵਿਅਕਤੀ ਨੂੰ ਸਿਰਫ ਫੋਨ ਕਾਲ ਜਾਂ ਪੁਰਾਣੀ ਦੁਸ਼ਮਣੀ ਦੇ ਆਧਾਰ ਉਤੇ ਸਾਜ਼ਸ਼ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ : ਅਦਾਲਤ
ਨੈਨੀਤਾਲ : ਉਤਰਾਖੰਡ ਹਾਈਕੋਰਟ ਨੇ ਨਾਨਕਮੱਤਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਤਰਸੇਮ ਸਿੰਘ ਕਤਲ ਕੇਸ ਦੇ ਮੁਲਜ਼ਮ ਬਾਬਾ ਅਨੂਪ ਸਿੰਘ ਉਰਫ ਭਾਈ ਅਨੂਪ ਸਿੰਘ ਨੂੰ ਜ਼ਮਾਨਤ ਦੇ ਦਿਤੀ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਰਵਿੰਦਰ ਮੈਥਾਨੀ ਦੀ ਸਿੰਗਲ ਬੈਂਚ ਦੇ ਸਾਹਮਣੇ ਹੋਈ। ਅਦਾਲਤ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਸਿਰਫ ਫੋਨ ਕਾਲ ਜਾਂ ਪੁਰਾਣੀ ਦੁਸ਼ਮਣੀ ਦੇ ਆਧਾਰ ਉਤੇ ਸਾਜ਼ਸ਼ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
28 ਮਾਰਚ 2024 ਨੂੰ ਮੋਟਰਸਾਈਕਲ ਉਤੇ ਸਵਾਰ ਦੋ ਹਮਲਾਵਰਾਂ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਬੈਠੇ ਤਰਸੇਮ ਸਿੰਘ ਉਤੇ ਕਈ ਗੋਲੀਆਂ ਚਲਾ ਦਿਤੀਆਂ, ਜਿਸ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਬਾਬਾ ਅਨੂਪ ਸਿੰਘ ਸਮੇਤ ਕਈ ਲੋਕਾਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਭਾਈ ਅਨੂਪ ਸਿੰਘ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 302, 307, 34 ਅਤੇ 120-ਬੀ ਅਤੇ ਆਰਮਜ਼ ਐਕਟ ਦੀ ਧਾਰਾ 3/25 ਤਹਿਤ ਕੇਸ ਦਰਜ ਕੀਤਾ ਗਿਆ ਸੀ। (ਪੀਟੀਆਈ)