
ਕੇਂਦਰ ਸਰਕਾਰ ਨੇ ਪੰਜਾਬ ਸਮੇਤ 14 ਰਾਜਾਂ ਨੂੰ 6,195 ਕਰੋੜ ਰੁਪਏ ਜਾਰੀ ਕੀਤੇ
ਨਵੀਂ ਦਿੱਲੀ, 10 ਨਵੰਬਰ : ਕੇਂਦਰ ਸਰਕਾਰ ਨੇ 14 ਰਾਜਾਂ ਨੂੰ ਮਾਲੀਆ ਘਾਟੇ ਦੀ ਗ੍ਰਾਂਟ ਦੀ ਮਹੀਨੇਵਾਰ ਕਿਸ਼ਤ ਵਜੋਂ 6,195 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਗ੍ਰਾਂਟ ਕੇਂਦਰੀ ਟੈਕਸਾਂ ਵਿਚ ਰਾਜ ਦੇ ਹਿੱਸੇ ਦੀ ਅਦਾਇਗੀ ਤੋਂ ਬਾਅਦ ਰਾਜਾਂ ਨੂੰ ਹੋਣ ਵਾਲੇ ਘਾਟੇ ਦੀ ਪੂਰਤੀ ਲਈ 15 ਵੇਂ ਵਿੱਤ ਕਮਿਸ਼ਨ ਦੀਆਂ ਅੰਤਰਿਮ ਸਿਫਾਰਸ਼ਾਂ 'ਤੇ ਅਧਾਰਤ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਦਫ਼ਤਰ ਨੇ ਮੰਗਲਵਾਰ ਨੂੰ ਟਵੀਟ ਕੀਤਾ, “15 ਵੇਂ ਵਿੱਤ ਕਮਿਸ਼ਨ ਦੀਆਂ ਅੰਤਰਿਮ ਸਿਫ਼ਾਰਸ਼ਾਂ ਦੇ ਅਧਾਰ ਤੇ 14 ਰਾਜਾਂ ਨੂੰ 6,195.08 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਕੇਂਦਰੀ ਟੈਕਸਾਂ ਵਿਚ ਰਾਜਾਂ ਦੇ ਹਿੱਸੇ ਦੇ ਭੁਗਤਾਨ ਕਰਨ ਤੋਂ ਬਾਅਦ ਮਾਲੀਆ ਘਾਟਾ ਗ੍ਰਾਂਟ ਵਿਭਾਗ ਨੇ ਬਰਾਬਰ ਦੀ ਅੱਠ ਮਹੀਨਾਵਾਰ ਕਿਸ਼ਤਾਂ ਤਹਿਤ ਇਹ ਰਾਸ਼ੀ ਜਾਰੀ ਕੀਤੀ।'' ਗ੍ਰਾਂਟ ਦਾ ਲਾਭ ਲੈਣ ਵਾਲੇ ਰਾਜਾਂ 'ਚ ਆਂਧਰਾ ਪ੍ਰਦੇਸ਼, ਅਸਾਮ, ਹਿਮਾਚਲ ਪ੍ਰਦੇਸ਼, ਕੇਰਲ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਸਿੱਕਮ, ਤਾਮਿਲਨਾਡੂ, ਤ੍ਰਿਪੁਰਾ, ਉਤਰਾਖੰਡ ਅਤੇ ਪਛਮੀ ਬੰਗਾਲ ਸ਼ਾਮਲ ਹਨ। ਇੰਨੀ ਹੀ ਰਕਮ ਦੀ ਗ੍ਰਾਂਟ ਮੌਜੂਦਾ ਵਿੱਤੀ ਸਾਲ ਦੇ ਅਪ੍ਰੈਲ-ਅਕਤੂਬਰ ਦੀ ਮਿਆਦ ਵਿਚ ਜਾਰੀ ਕੀਤੀ ਗਈ ਸੀ। (ਪੀਟੀਆਈ)