
ਪਰਿਵਾਰ ਨੇ ਸੁਰੱਖਿਆ ਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ
ਕੋਟਕਪੂਰਾ - ਪ੍ਰਸ਼ਾਸਨ ਵੱਲੋਂ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਅੱਜ ਪਰਿਵਾਰ ਵੱਲੋਂ ਡੇਰਾ ਪ੍ਰੇਮੀ ਪਰਦੀਪ ਦਾ ਸਸਕਾਰ ਕਰ ਦਿੱਤਾ ਗਿਆ ਹੈ। ਰੋਸ ਵਿਚਕਾਰ ਪਰਦੀਪ ਦੀ ਦੇਹ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਫੁੱਲਾਂ ਨਾਲ ਸਜਾਈ ਵੈਨ ਨੂੰ ਨਾਮ ਚਰਚਾ ਘਰ ਕੋਟਕਪੂਰਾ ਤੋਂ ਰਾਮਬਾਗ ਵਿਖੇ ਲੰਮੇ ਕਾਫਲੇ ਦੌਰਾਨ ਲਿਜਾਇਆ ਗਿਆ, ਜਿੱਥੇ ਉਸ ਦਾ ਸਸਕਾਰ ਕੀਤਾ ਗਿਆ।
ਵੀਰਵਾਰ ਨੂੰ ਪਰਦੀਪ ਦੀ ਮ੍ਰਿਤਕ ਦੇਹ ਨਾਮ ਚਰਚਾ ਘਰ ਕੋਟਕਪੂਰਾ ਵਿਚ ਲਿਆਂਦੀ ਗਈ ਸੀ, ਇਸ ਘਟਨਾ ਦੇ ਰੋਸ ਵਜੋਂ ਬੀਤੇ ਦਿਨ ਤੋਂ ਹੀ ਕੋਟਕਪੂਰਾ ਦੇ ਨਾਮ ਚਰਚਾ ਘਰ 'ਚ ਡੇਰਾ ਪ੍ਰੇਮੀ ਪਹੁੰਚ ਰਹੇ ਸਨ ਅਤੇ ਅੱਜ ਦੁਪਹਿਰ ਤੱਕ ਵੀ ਉਹਨਾਂ ਦਾ ਆਉਣਾ ਲਗਾਤਾਰ ਜਾਰੀ ਸੀ। ਪਰਿਵਾਰ ਆਪਣੀਆਂ ਮੰਗਾਂ ਮੰਨੇ ਜਾਣ ਤੋਂ ਬਿਨ੍ਹਾਂ ਸਸਕਾਰ ਕਰਨ ਲਈ ਤਿਆਰ ਨਹੀਂ ਸੀ।
ਸ਼ੁੱਕਰਵਾਰ ਨੂੰ ਪਰਿਵਾਰ ਨੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ IGP ਜਸਕਰਨ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਸੁਰੱਖਿਆ ਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤੇ ਇਹ ਮੰਗਾਂ ਮੰਨਣ ਤੋਂ ਬਾਅਦ ਪਰਿਵਾਰ ਸਸਕਾਰ ਲਈ ਰਾਜ਼ੀ ਹੋ ਗਿਆ ਸੀ ਤੇ ਅੱਜ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ।