
ਪਾਕਿਸਤਾਨ ਦੇ ਪਹਿਲੇ ਸਿੱਖ ਪ੍ਰੋਫ਼ੈਸਰ ਕਲਿਆਣ ਸਿੰਘ ਕਲਿਆਣ ਨੇ ਸੰਤਾਲੀ ਦੇ ਵਿਛੋੜੇ ਨੂੰ ਅਸਹਿ ਦਸਦੇ ਹੋਏ ਨਿਹੋਰਾ ਮਾਰਿਆ
'ਮੈਂ ਤਾਂ ਭਾਰਤ ਆ ਕੇ ਪੱਗਾਂ ਵਾਲਿਆਂ ਤੇ ਲਾਲਿਆਂ ਨੂੰ ਗੱਲਵਕੜੀ ਪਾਉਣੀ ਚਾਹੁੰਦਾਂ, ਪਰ 12 ਸਾਲ ਤੋਂ ਮੈਨੂੰ ਵੀਜ਼ਾ ਹੀ ਨਹੀਂ ਦਿਤਾ ਜਾ ਰਿਹਾ'
ਨਵੀਂ ਦਿੱਲੀ, 10 ਨਵੰਬਰ (ਅਮਨਦੀਪ ਸਿੰਘ): ਪਾਕਿਸਤਾਨ ਦੇ ਪਹਿਲੇ ਸਹਾਇਕ ਸਿੱਖ ਪ੍ਰੋਫ਼ੈਸਰ ਕਲਿਆਣ ਸਿੰਘ ਕਲਿਆਣ, ਜੋ ਲਹਿੰਦੇ ਪੰਜਾਬ ਦੇ ਸਰਕਾਰੀ ਕਾਲਜ ਵਿਖੇ ਪੰਜਾਬੀ ਪੜ੍ਹਾਉਂਦੇ ਹਨ, ਨੇ 1947 ਦੀ ਵੰਡ ਨੂੰ ਕਦੇ ਨਾ ਭੁੱਲਣ ਵਾਲਾ ਸੰਤਾਪ ਦਸਿਆ ਹੈ | ਦਿੱਲੀ ਦੇ ਮਾਤਾ ਸੁੰਦਰੀ ਕਾਲਜ ਵਲੋਂ ਵੰਡ 'ਤੇ ਮੁੜ ਵਿਚਾਰ ਕਰਦਿਆਂ: 75 ਵਰ੍ਹੇ' ਬਾਰੇ ਬੀਤੇ ਦਿਨੀਂ ਕਰਵਾਈ ਗਈ ਕੌਮਾਂਤਰੀ ਕਾਨਫ਼ਰੰਸ ਵਿਚ ਪਾਕਿਸਤਾਨ ਤੋਂ ਆਨਲਾਈਨ ਜੁੜੇ ਪ੍ਰੋ.ਕਲਿਆਣ ਸਿੰਘ ਕਲਿਆਣ ਨੇ ਅਪਣੀ ਤਕਰੀਰ ਨਾਲ ਸਾਰਿਆਂ ਨੂੰ ਜਜ਼ਬਾਤੀ ਕਰ ਛਡਿਆ ਤੇ ਕਿਹਾ,Tਵੰਡ ਅਜੇ ਚਲ ਰਹੀ ਹੈ | ਸਾਡੇ ਦੁੱਖਾਂ ਦਾ ਸੰਤਾਪ ਅੱਜ ਵੀ ਚਲ ਰਿਹਾ ਹੈ | ਸਾਡੀ ਸੰਤਾਲੀ ਅਜੇ ਮੁੱਕੀ ਨਹੀਂ, ਅਜੇ ਚਲ ਰਹੀ ਹੈ | ਜਦ ਤਕ ਮਿਲਾਪ ਨਹੀਂ ਹੁੰਦਾ, ਉਦੋਂ ਤਕ ਸੰਤਾਲੀ ਚਲਦੀ ਰਹੇਗੀ |''
ਉਨ੍ਹਾਂ ਪੁਰਾਣੇ ਸ਼ਾਇਰਾਂ, ਲਿਖਾਰੀਆਂ, ਹਿੰਦੂਆਂ ਤੇ ਸਿੱਖਾਂ ਦੇ ਵਿਛੋੜੇ ਦੀ ਗੱਲ ਸਾਂਝੀ ਕਰਦੇ ਹੋਏ ਕਿਹਾ,Tਮੈਂ ਪਿਛਲੇ 12 ਸਾਲਾਂ ਤੋਂ ਤੜਪ ਰਿਹਾ ਹਾਂ (ਭਾਰਤ ਆਉਣ ਲਈ) ਕਿ ਮੇਰਾ ਵੀਜ਼ਾ ਲਾ ਦਿਉ ਪਰ ਕਿਸੇ ਨੇ ਕੋਈ ਖ਼ਿਆਲ ਨਹੀਂ ਕੀਤਾ ਕਿ ਮੇਰੇ ਅੰਦਰ ਵੀ ਕੋਈ ਦਿਲ ਹੋਣੈ ਮੇਰੇ ਵੀ ਜਜ਼ਬਾਤ ਹੋਣੇ ਨੇ | ਮੈਂ ਵੀ ਪੱਗਾਂ ਵਾਲਿਆਂ ਤੇ ਲਾਲਿਆਂ ਨੂੰ ਵੇਖਣਾ ਚਾਹੁੰਦਾਂ ਹਾਂ | ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ | ਉਨ੍ਹਾਂ ਨਾਲ ਗੱਲਵਕੜੀ ਪਾਉਣਾ ਚਾਹੁੰਦਾ ਹਾਂ |'' ਤਿੰਨ ਦਿਨਾਂ ਕਾਨਫ਼ਰੰਸ ਵਿਚ ਕਾਲਜ ਪਿ੍ੰਸੀਪਲ ਪ੍ਰੋ.ਹਰਪ੍ਰੀਤ ਕੌਰ ਨੇ ਵੰਡ ਦੇ ਸਿਆਸੀ ਕਾਰਨਾਂ ਦਾ ਜ਼ਿਕਰ ਕਰ ਕੇ ਵੰਡ ਪਿਛਲੇ ਸੁਆਲਾਂ ਨੂੰ ਲੱਭਣ ਲਈ ਕਾਨਫ਼ਰੰਸ ਨੂੰ ਅਹਿਮ ਦਸਿਆ | ਹੋਰਨਾਂ ਬੁਲਾਰਿਆਂ ਵਿਚ ਜੇਐਨਯੂ ਦੇ ਪ੍ਰੋ.ਭਗਵਾਨ ਜੋਸ਼, ਪ੍ਰੋ.ਚਮਨ ਲਾਲ, ਸਾਬਕਾ ਭਾਰਤੀ ਸਫ਼ੀਰ ਨਵਦੀਪ ਸੂਰੀ, ਭਾਈ ਵੀਰ ਸਿੰਘ ਸਦਨ ਦੇ ਡਾਇਰੈਕਟਰ ਡਾ.ਮਹਿੰਦਰ ਸਿੰਘ, ਪੰਜਾਬੀ ਸਾਹਿਤ ਸਭਾ ਦੀ ਮੁਖੀ ਡਾ.ਰੇਣੁਕਾ ਸਿੰਘ, ਪਾਕਿਸਤਾਨ ਦੇ ਪ੍ਰੋ.ਇਲਿਆਸ ਚੱਠਾ, ਡਾ.ਰਵੇਲ ਸਿੰਘ, ਪ੍ਰੋ.ਕੁਲਵੀਰ ਗੋਜਰਾ ਤੇ ਹੋਰ ਬੁਲਾਰਿਆਂ ਨੇ ਵੀ ਆਪੋ ਅਪਣੇ ਵਿਚਾਰਾਂ ਵਿਚ ਵੰਡ ਦੇ ਦਰਦਨਾਕ ਹਾਲਾਤ, ਮੀਡੀਆ ਦਾ ਰੋਲ, ਉਦੋਂ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਆਪਸੀ ਸਾਂਝ ਆਦਿ ਪਹਿਲੂਆਂ ਬਾਰੇ ਚਰਚਾ ਕੀਤੀ |