Nurpur Bedi News: ਪੁੁਲਿਸ
ਨੂਰਪੁਰਬੇਦੀ : ਨਜ਼ਦੀਕੀ ਪਿੰਡ ਕੀਮਾ ਬਾਸ ਖੱਡ ਰਾਜਗਿਰੀ ਵਿਖੇ ਸ਼ਰਾਬ ਪੀਣ ਤੋਂ ਰੋਕਣ ’ਤੇ ਗੁੱਸੇ ’ਚ ਆਏ ਭਤੀਜੇ ਨੇ ਅਪਣੇ ਤਾਏ ’ਤੇ ਕਿਰਪਾਨ ਨਾਲ ਹਮਲਾ ਕਰ ਦਿਤਾ। ਜਿਸਦੀ ਕੁੱਝ ਸਮੇਂ ਬਾਅਦ ਮੌਤ ਹੋ ਜਾਣ ’ਤੇ ਪੁਲਿਸ ਨੇੇ 3 ਮੁਲਜ਼ਮਾਂ ’ਚ ਸ਼ਾਮਲ ਮ੍ਰਿਤਕ ਦੇ ਭਤੀਜੇ, ਭਰਜਾਈ ਤੇ ਉਸਦੀ ਭਤੀਜੀ ਵਿਰੁਧ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਮ੍ਰਿਤਕ ਦੀ ਲੜਕੀ ਹਰਜੀਤ ਕੌਰ ਨੇ ਦਸਿਆ ਕਿ 9 ਨਵੰਬਰ ਨੂੰ ਜਦੋਂ ਰਾਤ ਕਰੀਬ 11 ਵਜੇ ਉਹ ਅਪਣੇ ਪਿਤਾ ਰੋਸ਼ਨ ਲਾਲ ਤੇ ਹੋਰਨਾਂ ਪ੍ਰਵਾਰਕ ਮੈਂਬਰਾਂ ਨਾਲ ਘਰ ’ਚ ਮੌਜੂਦ ਸੀ ਤਾਂ ਉਸ ਦੇ ਚਾਚੇ ਦੇ ਲੜਕੇ ਲਖਵਿੰਦਰ ਸਿੰਘ ਉਰਫ਼ ਲੱਕੀ ਉਸ ਦੇ ਘਰ ਦੇ ਬਾਹਰ ਗਾਲਾਂ ਕੱਢ ਰਿਹਾ ਸੀ। ਉਸ ਨਾਲ ਉਸਦੀ ਮਾਤਾ ਨਛੱਤਰ ਕੌਰ ਅਤੇ ਉਸਦੀ ਭੈਣ ਅਮਰਜੀਤ ਕੌਰ ਵੀ ਸਨ।
ਜਦੋਂ ਉਹ ਬਾਹਰ ਆਏ ਤਾਂ ਗਲੀ ’ਚ ਖੜ੍ਹੇ ਲਖਵਿੰਦਰ ਸਿੰਘ ਨੇ ਉਸ ਦੇ ਪਿਤਾ ’ਤੇ ਕਿਰਪਾਨ ਨਾਲ ਹਮਲਾ ਕਰ ਦਿਤਾ। ਇਸ ਤੋਂ ਬਾਅਦ ਲਖਵਿੰਦਰ ਸਿੰਘ, ਉਸਦੀ ਮਾਤਾ ਅਤੇ ਭੈਣ ਨੇ ਉਸਦੇੇ ਪਿਤਾ ’ਤੇ ਪੱਥਰਾਂ ਨਾਲ ਹਮਲਾ ਕਰ ਕੇ ਫ਼ਰਾਰ ਹੋ ਗੲ। ਉਸਨੇ ਕਿਹਾ ਕਿ ਲਖਵਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਜਿਸਨੂੰ ਉਸਦੇ ਪਿਤਾ ਅਜਿਹਾ ਕਰਨ ਤੋਂ ਰੋਕਦੇ ਸਨ। ਜਿਸ ਕਰ ਕੇ ਹੀ ਉਸਨੇ ਹਮਲਾ ਕੀਤਾ।
ਥਾਣਾ ਮੁਖੀ ਨੇ ਦਸਿਆ ਕਿ ਮ੍ਰਿਤਕ ਰੋਸ਼ਨ ਲਾਲ ਵਣ ਵਿਭਾਗ ਦਾ ਸੇਵਾਮੁਕਤ ਮੁਲਾਜ਼ਮ ਹੈ ਜਦਕਿ ਕਥਿਤ ਦੋਸ਼ੀ ਲਖਵਿੰਦਰ ਸਿੰਘ ਡਰਾਇਵਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦਸਿਆ ਕਿ ਲਖਵਿੰਦਰ ਸਿੰਘ, ਉਸਦੀ ਮਾਤਾ ਨਛੱਤਰ ਕੌਰ ਅਤੇ ਭੈਣ ਅਮਰਜੀਤ ਕੌਰ ਵਿਰੁਧ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਆਰੰਭ ਦਿਤੀ ਹੈ।