
ਮਮਤਾ ਦੇ ਬਿਆਨ 'ਤੇ ਬੋਲੇ ਭਾਜਪਾ ਪ੍ਰਧਾਨ, ਇਹ ਮਮਤਾ ਦੇ ਸੰਸਕਾਰ ਹਨ
ਡਾਇਮੰਡ ਹਾਰਬਰ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ ਦਾ ਹੈ ਸੰਸਦੀ ਖੇਤਰ
ਕੋਲਕਾਤਾ, 10 ਦਸੰਬਰ : ਪਛਮੀ ਬੰਗਾਲ ਦੇ ਦੌਰੇ 'ਤੇ ਗਏ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਦੇ ਕਾਫਲੇ ਨੂੰ ਵੀਰਵਾਰ ਨੂੰ ਤ੍ਰਿਣਮੂਲ (ਟੀਐਮਸੀ) ਦੇ ਸਮਰਥਕਾਂ ਨੇ ਪੱਥਰ ਮਾਰੇ ਸਨ। ਇਸ ਤੋਂ ਬਾਅਦ, ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਥੇ ਕਦੇ ਗ੍ਰਹਿ ਮੰਤਰੀ ਹੁੰਦੇ ਹਨ, ਕਈ ਵਾਰ ਚੱਢਾ, ਨੱਡਾ, ਫੱਡਾ। ਜਦੋਂ ਉਨ੍ਹਾਂ ਨੂੰ ਦਰਸ਼ਕ ਨਹੀਂ ਮਿਲਦੇ, ਉਹ ਅਪਣੇ ਵਰਕਰਾਂ ਨੂੰ ਅਜਿਹੀਆਂ ਚਾਲਬਾਜ਼ੀਆਂ ਕਰਨ ਲਈ ਮਜਬੂਰ ਕਰਦੇ ਹਨ।
ਮਮਤਾ ਦੇ ਬਿਆਨ ਉੱਤੇ ਪਲਟਵਾਰ ਕਰਦਿਆਂ ਨੱਡਾ ਨੇ ਕਿਹਾ ਕਿ ਮੈਨੂੰ ਦਸਿਆ ਗਿਆ ਕਿ ਉਨ੍ਹਾਂ ਨੇ ਮੇਰੇ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ। ਇਹ ਉਨ੍ਹਾਂ ਦੇ ਸੰਸਕਾਰ ਬਾਰੇ ਦੱਸਦਾ ਹੈ। ਇਹ ਬੰਗਾਲ ਦਾ ਸਭਿਆਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਬੰਗਾਲ ਦੀ ਭਾਸ਼ਾ ਖ਼ੂਬਸੂਰਤ ਹੈ, ਬੰਗਾਲ ਦਾ ਸਭਿਆਚਾਰ ਸਭ ਤੋਂ ਖ਼ੂਬਸੂਰਤ ਹੈ। ਮਮਤਾ ਜੀ ਜਿਹੜੀ ਸ਼ਬਦਾਵਲੀ ਵਰਤਦੇ ਹਨ ਉਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਬੰਗਾਲ ਨੂੰ ਨਹੀਂ ਸਮਝ ਸਕੀ ਹੈ। ਬੰਗਾਲ ਸਾਡੇ ਸਾਰਿਆਂ ਨਾਲ ਸਬੰਧਤ ਹੈ।
ਡਾਇਮੰਡ ਹਾਰਬਰ ਸ਼ਹਿਰ ਜਾ ਰਹੇ ਸਨ ਨੱਡਾ: ਪੱਥਰਬਾਜ਼ੀ ਉਸ ਵੇਲੇ ਹੋਈ ਜਦੋਂ ਨੱਡਾ 24 ਪਰਗਨਾ ਜ਼ਿਲ੍ਹੇ ਦੇ ਕੋਲਕਾਤਾ ਤੋਂ ਡਾਇਮੰਡ ਹਾਰਬਰ ਸ਼ਹਿਰ ਜਾ ਰਹੇ ਸਨ। ਡਾਇਮੰਡ ਹਾਰਬਰ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ ਦਾ ਸੰਸਦੀ ਖੇਤਰ ਹੈ। ਪ੍ਰਦਰਸ਼ਨਕਾਰੀਆਂ ਨੇ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ। ਹਮਲੇ ਵਿਚ ਜਨਰਲ ਸੈਕਟਰੀ ਕੈਲਾਸ਼ ਵਿਜੇਵਰਗੀਆ ਵੀ ਜ਼ਖ਼ਮੀ ਹੋਏ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮਮਤਾ ਬੈਨਰਜੀ ਸਰਕਾਰ ਤੋਂ ਸੁਰੱਖਿਆ ਵਿਚ ਲਾਪਰਵਾਹੀ ਬਾਰੇ ਰੀਪੋਰਟ ਮੰਗੀ ਹੈ। (ਏਸੰਜੀ)
image