
ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਫਿਰੋਜ਼ਪੁਰ - ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਗਰੀਬ ਪਰਿਵਾਰ ਦਾ ਬੱਚਾ ਜਿਸ ਦੀ ਉਮਰ ਕਰੀਬ 13 ਸਾਲ ਹੈ ਉਹ ਬੀਤੇ ਦਿਨ ਘਰੋਂ ਲਾਪਤਾ ਹੋਇਆ ਸੀ ਜਿਸ ਦੀ ਮਾਂ ਬਾਪ ਅਤੇ ਰਿਸ਼ਤੇਦਾਰਾਂ ਵੱਲੋਂ ਭਾਲ ਕੀਤੀ ਜਾ ਰਹੀ ਸੀ ਪਰ ਅੱਜ ਉਸ ਬੱਚੇ ਦੀ ਲਾਸ਼ ਖੇਤਾਂ ਵਿਚੋਂ ਮਿਲੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਉਹਨਾਂ ਦੱਸਿਆ ਕਿ ਜਸ਼ਨ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ। ਜੋ ਕੱਲ੍ਹ ਦਾ ਲਾਪਤਾ ਸੀ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ 24 ਘੰਟਿਆਂ ਵਿਚ ਲੜਕੇ ਨੂੰ ਲੱਭ ਲਿਆ ਜਾਵੇਗਾ ਪਰ ਉਨ੍ਹਾਂ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਪੁੱਤ ਇਸ ਤਰ੍ਹਾਂ ਲੱਭੇਗਾ। ਪਰਿਵਾਰ ਨੇ ਮੰਗ ਕੀਤੀ ਕਿ ਜਿਨ੍ਹਾਂ ਨੇ ਵੀ ਉਨ੍ਹਾਂ ਦੇ ਪੁੱਤਰ ਨਾਲ ਅਜਿਹਾ ਕੀਤਾ ਹੈ ਉਨ੍ਹਾਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਪਰਿਵਾਰਕ ਮੈਬਰਾਂ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਫੜ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।