
ਮਾਮਲੇ ’ਚ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹੈ ਤੇ ਜਾਂਚ ਦੌਰਾਨ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ
ਸਮਾਣਾ- ਸਥਾਨਕ ਦਰਦੀ ਕਲੋਨੀ ਵਿੱਚ ਸੀਵਰੇਜ ਦਾ ਮੈਨਹੋਲ ਤਿਅਰ ਕਰ ਰਹੇ ਮਜ਼ਦੂਰਾਂ ’ਤੇ ਮਿੱਟੀ ਦੀ ਢਿੱਗ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਦਰਦੀ ਕਲੋਨੀ ਵਿੱਚ ਅੱਜ ਸਵੇਰੇ ਮਜ਼ਦੂਰ ਲਗਪਗ 20 ਫੁੱਟ ਡੂੰਘਾ ਮੁੱਖ ਮੈਨਹੋਲ ਤਿਆਰ ਕਰ ਰਹੇ ਸਨ, ਜਦੋਂ ਅਚਾਨਕ ਮੈਨਹੋਲ ਵਿੱਚ ਪਾਣੀ ਆ ਗਿਆ ਤੇ ਮਜ਼ਦੂਰਾਂ ’ਤੇ ਮਿੱਟੀ ਦੀ ਢਿੱਗ ਡਿੱਗ ਗਈ। ਮਿੱਟੀ ਥੱਲੇ ਦੱਬੇ ਮਜ਼ਦੂਰਾਂ ਨੂੰ ਲੋਕਾਂ ਨੇ ਸਥਾਨਕ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਤੀਜੇ ਨੂੰ ਪਟਿਆਲਾ ਰੈਫਰ ਕਰ ਦਿੱਤਾ।
ਮ੍ਰਿਤਕਾਂ ਦੀ ਪਛਾਣ ਰਮਨ ਕੁਮਾਰ (22) ਪੁੱਤਰ ਚੰਦਰ ਕਿਸ਼ੋਰ ਯਾਦਵ ਵਾਸੀ ਪਿੰਡ ਅਟਾਹੜੀ, ਬਿਹਾਰ ਤੇ ਮੁਹਮੰਦ ਨੁੂਰਲ ਹੁਦਾ ਉਰਫ਼ ਖਾਨ ਜੀ (55) ਪੁੱਤਰ ਮੁਹਮੰਦ ਅਲੀ ਅਸਗਰ ਵਾਸੀ ਪਿੰਡ ਕੁੜਵਾ, ਬਿਹਾਰ ਵਜੋਂ ਹੋਈ ਹੈ ਜਦਕਿ ਸੌਰਵ ਕੁਮਾਰ (16) ਪੁੱਤਰ ਅਰਵਿੰਦਰ ਕੁਮਾਰ ਵਾਸੀ ਬਿਹਾਰ ਜ਼ਖ਼ਮੀ ਹੋ ਗਿਆ ਹੈ। ਉਧਰ, ਘਟਨਾ ਦੇ ਕਈ ਘੰਟਿਆਂ ਬਾਅਦ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਸਥਾਨਕ ਲੋਕਾਂ ਅਤੇ ਮਜ਼ਦੂਰਾਂ ਨੇ ਖੁਦ ਮਿੱਟੀ ਹੇਠ ਦੱਬੇ ਮਜ਼ਦੂਰਾਂ ਨੂੰ ਕੱਢ ਕੇ ਖ਼ੁਦ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਰਮਨ ਕੁਮਾਰ ਤੇ ਨੂਰਲ ਹਦਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਸੌਰਵ ਨੂੰ ਪਟਿਆਲਾ ਰੈਫਰ ਕਰ ਦਿੱਤਾ। ਪਤਾ ਲੱਗਿਆ ਹੈ ਕਿ ਲੋਕਾਂ ਨੇ ਬਿਨਾਂ ਮਨਜ਼ੂਰੀ ਪਹਿਲਾਂ ਹੀ ਸੀਵਰੇਜ ਲਾਈਨ ਵਿੱਚ ਆਪਣੇ ਕੁਨੈਕਸ਼ਨ ਜੋੜ ਦਿੱਤੇ ਹਨ ਤੇ ਸੀਵਰੇਜ ਦਾ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਇਸ ਸਬੰਧੀ ਸੀਵਰੇਜ ਬੋਰਡ ਦੇ ਐੱਸਡੀਓ ਖੁਰਾਨਾ ਨੇ ਕਿਹਾ ਕਿ ਇਹ ਹਾਦਸਾ ਅਚਾਨਕ ਆਏ ਪਾਣੀ ਨਾਲ ਮਿੱਟੀ ਡਿੱਗਣ ਕਾਰਨ ਵਾਪਰਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜ਼ਖ਼ਮੀ ਹੋਇਆ ਨੌਜਵਾਨ ਸੌਰਵ ਉੱਥੇ ਕੰਮ ਨਹੀਂ ਸੀ ਕਰਦਾ, ਸਗੋਂ ਉਹ ਇੱਕ ਮਜ਼ਦੂਰ ਦਾ ਪਰਿਵਾਰਕ ਮੈਂਬਰ ਸੀ ਤੇ ਕਿਸੇ ਕੰਮ ਤੋਂ ਉੱਥੇ ਆਇਆ ਸੀ। ਡੀਐੱਸਪੀ ਸਮਾਣਾ ਸੌਰਵ ਜਿੰਦਲ ਨੇ ਕਿਹਾ ਕਿ ਫਿਲਹਾਲ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹੈ ਤੇ ਜਾਂਚ ਦੌਰਾਨ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸਡੀਐੱਮ ਸਮਾਣਾ ਚਰਨਜੀਤ ਸਿੰਘ ਨੇ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।