ਪੁਲਿਸ ਨੇ ਤਿੰਨ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
ਅਰਨੀਵਾਲਾ : ਫਾਜ਼ਿਲਕਾ ਦੇ ਅਰਨੀਵਾਲਾ ਦੇ ਇੱਕ ਕਰੀਬ 15 ਸਾਲ ਦੇ ਨੌਜਵਾਨ ਨੂੰ ਉਸ ਦੇ ਗੁਆਂਢੀ ਨੌਜਵਾਨਾਂ ਵੱਲੋਂ ਹੀ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨ ਲਈ ਖੇਤਾਂ ਦੇ ਵਿੱਚ ਬੇ ਅਬਾਦ ਜਗ੍ਹਾ ਤੇ ਉੱਗੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤੀ। ਪੁਲਿਸ ਨੇ ਇਸ ਵਾਰਦਾਤ ਨੂੰ ਸੁਲਝਾਉਂਦੇ ਹੋਏ ਇਸ ਘਟਨਾ ਵਿੱਚ ਸ਼ਾਮਿਲ ਤਿੰਨ ਆਰੋਪੀਆਂ ਨੂੰ ਕੁਝ ਘੰਟਿਆਂ ਵਿੱਚ ਹੀ ਕਾਬੂ ਕੀਤਾ ਹੈ। ਜਿਨਾਂ ਵਿੱਚ ਦੋ ਸਕੇ ਭਰਾ ਸ਼ਾਮਿਲ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਇੰਦਰ ਸਿੰਘ ਡੀ.ਐਸ.ਪੀ (ਡੀ ) ਫਾਜ਼ਿਲਕਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨੂੰ ਦੇਖਣ ਦੇ ਲਈ ਪੁਲਿਸ ਥਾਣਾ ਅਰਨੀਵਾਲਾ ਦੇ ਇੰਚਾਰਜ ਪਰਮਜੀਤ ਕੁਮਾਰ ਸਮੇਤ ਪੂਰੀ ਟੀਮ,ਸੀ.ਆਈ.ਏ ਸਟਾਫ ਅਤੇ ਹੋਰ ਟੀਮਾਂ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਸਨ । ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਸਕਰਨ ਸਿੰਘ ਉਰਫ ਕਰਨ ਅਤੇ ਸੁਖਚੈਨ ਸਿੰਘ ਉਰਫ ਸੁੱਖੀ ਦੋਵੇਂ ਪੁੱਤਰਾਨ ਭਜਨ ਸਿੰਘ , ਜਤਿਨ ਕੁਮਾਰ ਉਰਫ ਮਾਨੂ ਪੁੱਤਰ ਵਰਿੰਦਰ ਸਿੰਘ ਵਾਸੀ ਅਰਨੀਵਾਲਾ ਨੂੰ ਕਾਬੂ ਕੀਤਾ ਹੈ । ਪੁਲਿਸ ਨੂੰ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਬੇਟਾ ਹਰਪ੍ਰੀਤ ਸਿੰਘ ਉਮਰ ਕਰੀਬ 15 ਸਾਲ ਜੋ ਬੀਤੇ ਕੱਲ ਕਰੀਬ 11 ਵਜੇ ਸਾਈਕਲ ਤੇ ਸਵਾਰ ਹੋ ਕੇ ਆਪਣੇ ਗੁਆਂਢ ਦੇ ਵਿੱਚ ਗਿਆ ਸੀ । ਜਦੋਂ ਸ਼ਾਮ ਤੱਕ ਨਹੀਂ ਘਰ ਪਰਤਿਆ ਤਾਂ ਉਸਦੇ ਮਾਪਿਆਂ ਵੱਲੋਂ ਭਾਲ ਕੀਤੀ ਗਈ। ਇਸੇ ਦੌਰਾਨ ਸੁਖਚੈਨ ਸਿੰਘ ਉਰਫ ਸੁੱਖੀ ਪੁੱਤਰ ਭਜਨ ਸਿੰਘ ਨੇ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਕੋਲ ਆ ਕੇ ਹਰਪ੍ਰੀਤ ਦਾ ਸਾਈਕਲ ਦਿੱਤਾ । ਜਦ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਵੱਲੋਂ ਸੁੱਖੀ ਨੂੰ ਪੁੱਛਿਆ ਗਿਆ ਤਾਂ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ। ਅੱਜ ਸਵੇਰੇ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਤੇ ਰਿਸ਼ਤੇਦਾਰ ਉਸ ਦੀ ਭਾਲ ਵਿੱਚ ਪਿੰਡ ਬਾਮ ਨੂੰ ਜਾਂਦੇ ਰਸਤੇ ਰਾਹੀਂ ਜਸਕਰਨ ਸਿੰਘ ਉਰਫ ਕਰਨ ਪੁੱਤਰ ਭਜਨ ਸਿੰਘ ਦੇ ਖੇਤ ਪੁੱਜੇ ਤਾਂ ਹਰਪ੍ਰੀਤ ਸਿੰਘ ਦੀ ਲਾਸ਼ ਜਸਕਰਨ ਸਿੰਘ ਉਰਫ ਕਰਨ ਦੇ ਖੇਤਾਂ ਵਿੱਚ ਖਾਲੀ ਬੇ ਬਾਅਦ ਉੱਗੀਆਂ ਝਾੜੀਆਂ ਦੇ ਵਿੱਚ ਇਕ ਥੈਲੇ ਵਿੱਚ ਪਾਈ ਹੋਈ ਮਿਲੀ । ਜਿਸ ਦੇ ਸਿਰ, ਮੂੰਹ ,ਗਲੇ ਤੇ ਸਰੀਰ ਉੱਤੇ ਕਾਫੀ ਸੱਟਾਂ ਵੱਜੀਆਂ ਹੋਈਆਂ ਸਨ । ਡੀ.ਐਸ.ਪੀ. ਡੀ. ਦੀਪਇੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਇਹ ਸਾਰੀ ਘਟਨਾ ਲਾਲਚ ਵਿੱਚ ਕੀਤੀ ਗਈ ਹੈ। ਲੜਕੇ ਹਰਪ੍ਰੀਤ ਸਿੰਘ ਦੇ ਗਲ ਵਿੱਚ ਚੈਨੀ ਪਾਈ ਹੋਈ ਸੀ ਜੋ ਚਾਂਦੀ ਦੀ ਸੀ ਉਸ ਨੂੰ ਲੁੱਟਣ ਵਾਸਤੇ ਉਸ ਦਾ ਕਤਲ ਕਰ ਦਿੱਤਾ । ਪੁਲਿਸ ਨੇ ਇਹ ਵੀ ਦੱਸਿਆ ਕਿ ਉਕਤ ਨਾਬਾਲਗ ਨੌਜਵਾਨ ਦੇ ਸਿਰ ,ਮੂੰਹ, ਗਲੇ ਉੱਪਰ ਇਹਨਾਂ ਵੱਲੋਂ ਇੱਟਾਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਮਾਮਲੇ ਵਿੱਚ ਹੋਰ ਪੁਛਗਿੱਛ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਜਸਕਰਨ ਸਿੰਘ ਦੀ ਉਮਰ ਕਰੀਬ 21 ਸਾਲ ਹੈ । ਜੋ ਬਾਰਵੀਂ ਫੇਲ ਹੈ ਅਤੇ ਜਤਿਨ ਕੁਮਾਰ ਦੀ ਉਮਰ 19 ਸਾਲ ਹੈ । ਜੋ ਬਾਰਵੀਂ ਜਮਾਤ ਪਾਸ ਹੈ। ਜਸਕਰਨ ਸਿੰਘ ਅਤੇ ਸੁਖਚੈਨ ਸਿੰਘ ਦੋਵੇਂ ਭਰਾ ਹਨ ਸੁਖਚੈਨ ਸਿੰਘ ਮਹਿਜ 14 ਸਾਲ ਦਾ ਹੈ।
