
ਅੰਮਿ੍ਤਸਰ ਤੋਂ 11 ਸਾਲ ਦੇ ਬੱਚੇ ਨੇ ਸਾਈਕਲ 'ਤੇ ਖਿੱਚੀ ਦਿੱਲੀ ਜਾਣ ਦੀ ਤਿਆਰੀ
ਅੰਮਿ੍ਤਸਰ, 11 ਜਨਵਰੀ (ਅਮਨਦੀਪ ਸਿੰਘ ਕੱਕੜ): ਛੋਟੇ-ਛੋਟੇ ਬੱਚਿਆਂ ਵਿਚ ਵੀ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਦੀ ਬੜੀ ਤਾਂਘ ਪਾਈ ਜਾ ਰਹੀ ਹੈ | ਇਕ ਅਜਿਹਾ ਹੀ ਹੋਣਹਾਰ ਬੱਚਾ ਜਿਸ ਦੀ ਉਮਰ 10, 11 ਸਾਲ ਹੈ ਅੰਮਿ੍ਤਸਰ ਤੋਂ ਦਿੱਲੀ ਦੇ ਬਾਰਡਰ ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਪਹੁੰਚਣ ਲਈ ਸਾਈਕਲ 'ਤੇ ਰਵਾਨਾ ਹੋਇਆ |
ਇਸ ਛੋਟੇ ਬੱਚੇ ਦਿਲਬਾਗ ਸਿੰਘ ਨੇ ਦਸਿਆ ਕਿ ਉਹ ਬੜੇ ਦਿਨਾਂ ਤੋਂ ਸੋਚਦਾ ਸੀ ਕਿ ਉਹ ਦਿੱਲੀ ਕਿਸਾਨੀ ਧਰਨੇ 'ਤੇ ਸਾਈਕਲ ਉਤੇ ਜਾਵੇ | ਉਸ ਨੇ ਦਸਿਆ ਕਿ ਉਸ ਦੀ ਇਹ ਖ਼ੁਆਇਸ਼ ਪੂਰੀ ਕਰਨ ਵਿਚ ਉਸ ਦੇ ਮਾਤਾ-ਪਿਤਾ ਨੇ ਵੀ ਪੂਰਾ ਸਾਥ ਦਿਤਾ | ਉਸ ਨੇ ਕਿਹਾ ਕਿ ਜਦੋਂ ਤਕ ਕਿਸਾਨ ਮਾਰੂ ਬਿਲ ਰੱਦ ਨਹੀਂ ਹੋ ਜਾਂਦੇ ਉਦੋਂ ਤਕ ਉਹ ਅਪਣੇ ਤਰੀਕੇ ਨਾਲ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕਰਦਾ ਰਹੇਗਾ | ਉਸ ਦੇ ਪਿਤਾ ਤੇਜਪਾਲ ਸਿੰਘ ਨੇ ਦਸਿਆ ਕਿ ਬੱਚੇ ਵਿਚ ਬੜੀ ਲਗਨ ਸੀ ਕਿ ਉਹ ਸਾਈਕਲ ਤੇ ਕਿਸਾਨੀ ਧਰਨੇ ਵਿਚ ਜਾਵੇ | ਇਸ ਲਈ ਉਸ ਦੇ ਜਜ਼ਬੇ ਨੂੰ ਵੇਖਦੇ ਹੋਏ ਉਨ੍ਹਾਂ ਨੇ ਵੀ ਮਨਜ਼ੂਰੀ ਦੇ ਦਿਤੀ | ਉਨ੍ਹਾਂ ਦਸਿਆ ਕਿ ਉਹ ਵੀ ਇਸ ਦੇ ਨਾਲ-ਨਾਲ ਅਪਣੀ ਕਾਰ ਵਿਚ ਜਾਣਗੇ, ਤਾਂ ਜੋ ਜਿਥੇ ਬੱਚਾ ਥੱਕ ਜਾਵੇਗਾ ਉਸ ਨੂੰ ਅਰਾਮ ਕਰਵਾਇਆ ਜਾਵੇ |
imageਕਿਸਾਨ ਧਰਨੇ ਵਿਚ ਸ਼ਾਮਲ ਹੋਣ ਲਈ ਸਾਈਕਲ 'ਤੇ ਜਾਂਦਾ ਹੋਇਆ ਦਿਲਬਾਗ ਸਿੰਘ |