
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ 'ਤੇ ਆਏ ਹਨ।
ਚੰਡੀਗੜ੍ਹ: ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ 'ਤੇ ਆਏ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਅਗਲੇ ਹਫ਼ਤੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ।ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਕਾਰਨ ਪੰਜਾਬ ਦਹਿਸ਼ਤ 'ਚ ਹੈ।
ਇਸ ਤੋਂ ਪਹਿਲਾਂ ਵੀ ਲੁਧਿਆਣਾ ਵਿਚ ਬੇਅਦਬੀ ਅਤੇ ਬੰਬ ਧਮਾਕੇ ਦੀ ਘਟਨਾ ਵਾਪਰ ਚੁੱਕੀ ਹੈ। ਅਜਿਹੇ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਸੰਭਾਲਣ 'ਚ ਪੂਰੀ ਤਰ੍ਹਾਂ ਅਸਮਰਥ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਅਤੇ ਬਾਦਲ ਪਰਿਵਾਰ ਦਾ ਗਠਜੋੜ ਚੱਲ ਰਿਹਾ ਹੈ। ਹਾਲਾਂਕਿ ਇਹ ਚੋਣਾਂ ਤੋਂ ਬਾਅਦ ਖਤਮ ਹੋ ਜਾਵੇਗਾ। ਪੰਜਾਬ ਖੁਸ਼ ਹੋਵੇਗਾ ਅਤੇ ਪੰਜਾਬ ਲਈ ਚੰਗਾ ਸਮਾਂ ਆਉਣ ਵਾਲਾ ਹੈ।
AAP ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਰਾਘਵ ਚੱਢਾ ਦਾ ਬਿਆਨ
ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਮੀਡੀਆ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਜਲਦ CM ਚਿਹਰੇ ਦਾ ਐਲਾਨ ਕਰੇਗੀ, ਪੰਜਾਬੀਆਂ ਨੂੰ ਸੀਐਮ ਚਿਹਰੇ ਦਾ ਨਾਂਅ ਸੁਣ ਕੇ ਬਹੁਤ ਖੁਸ਼ੀ ਹੋਵੇਗੀ। ਸਾਡਾ ਮੁੱਖ ਮੰਤਰੀ ਚਿਹਰਾ ਪੰਜਾਬ ਦੀ ਆਨ-ਬਾਨ-ਸ਼ਾਨ ਕਹਾਉਣ ਲਾਇਕ ਹੋਵੇਗਾ। ਉਹ ਨਾਮ ਸੁਣ ਕੇ ਪੂਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਹੋਵੇਗੀ।