
ਪਰਾਲੀ ਸਾੜੇ ਜਾਣ ਨੂੰ ਰੋਕਣ ਅਤੇ ਨਵਿਆਉਣਯੋਗ ਊਰਜਾ ਨੂੰ ਬੜਾਵਾ ਦੇਣ ਵਲ ਇਕ ਅਹਿਮ ਕਦਮ ਪੁਟਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ.....
ਚੰਡੀਗੜ੍ਹ (ਨੀਲ): ਪਰਾਲੀ ਸਾੜੇ ਜਾਣ ਨੂੰ ਰੋਕਣ ਅਤੇ ਨਵਿਆਉਣਯੋਗ ਊਰਜਾ ਨੂੰ ਬੜਾਵਾ ਦੇਣ ਵਲ ਇਕ ਅਹਿਮ ਕਦਮ ਪੁਟਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ 630 ਕਰੋੜ ਰੁਪਏ ਵਾਲੇ ਬਾਇਉ-ਫ਼ਿਊਲ ਪ੍ਰਾਜੈਕਟ ਲਈ ਵਿਰਗੋ ਕਾਰਪੋਰੇਸ਼ਨ ਨਾਲ ਇਕ ਸਮਝੌਤੇ ਕੀਤਾ ਹੈ। ਇਸ ਵਾਸਤੇ ਅਮਰੀਕਾ ਦੀ ਹਨੀਵੈਲ ਵਲੋਂ ਤਕਨੋਲੌਜੀ ਮੁਹਈਆ ਕਰਵਾਈ ਜਾਵੇਗੀ। ਵਿਰਗੋ ਝੋਨੇ ਦੀ ਪਰਾਲੀ ਤੋਂ ਬਾਇਉ ਫ਼ਿਊਲ ਬਨਾਉਣ ਲਈ ਇਹ ਤਕਨੋਲੌਜੀ ਵਰਤਣ ਵਾਸਤੇ ਰੈਪਿਡ ਥਰਮਲ ਪ੍ਰੋਸੈਸਿੰਗ ਪਲਾਂਟ ਸਥਾਪਤ ਕਰੇਗੀ।
ਇਹ 150 ਸਿਧੀਆਂ ਅਤੇ 500 ਅਸਿਧੀਆਂ ਨੌਕਰੀਆਂ ਮੁਹਈਆ ਕਰਵਾਏਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਕੇਂਨਥ ਆਈ ਜਸਟਿਰ ਦੀ ਹਾਜ਼ਰੀ ਵਿਚ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਪ੍ਰਾਜੈਕਟ ਪੰਜਾਬ ਅਤੇ ਅਮਰੀਕਾ ਵਿਚਕਾਰ ਨਿਵੇਸ਼, ਤਕਨੋਲੌਜੀ ਆਦਿ ਦੇ ਰੂਪ ਵਿਚ ਭਵਿਖੀ ਸਹਿਯੋਗ ਵਾਸਤੇ ਰਾਹ ਤਿਆਰ ਕਰੇਗਾ। ਇਸ ਮੌਕੇ ਵਿਰਗੋ ਦੇ ਐਮ.ਡੀ. ਕਾਨਵ ਮੋਂਗਾ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਪਰਾਲੀ ਸਾੜਨ ਕਾਰਨ ਵਾਤਾਵਨਣ ਨੂੰ ਹੋਣ ਵਾਲੇ ਨੁਕਸਾਨ 'ਤੇ ਰੋਕ ਲਾਉਣ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਕਰੇਗਾ ਕਿਉਂਕਿ ਬਾਇਉ-ਫ਼ਿਊਲ ਤਿਆਰ ਕਰਨ ਵਾਸਤੇ ਖੇਤੀ ਰਹਿੰਦ-ਖੂੰਹਦ ਦੀ ਜ਼ਰੂਰਤ ਪਵੇਗੀ ਅਤੇ ਕਿਸਾਨਾਂ ਨੂੰ ਪਰਾਲੀ ਰਾਹੀਂ ਵਾਧੂ ਆਮਦਨ ਹੋਵੇਗੀ।
ਉਨ੍ਹਾਂ ਕਿਹਾ ਕਿ ਝੋਨੇ ਦੇ ਹਰੇਕ ਸੀਜ਼ਨ ਦੌਰਾਨ ਸੂਬੇ ਵਿਚ ਤਕਰੀਬਨ 20 ਮਿਲੀਅਨ ਮੀਟਰਕ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ ਦੀ ਵਰਤੋਂ ਬਾਇਉ-ਫ਼ਿਊਲ ਤਿਆਰ ਕਰਨ ਲਈ ਕੀਤੀ ਜਾ ਸਕੇਗੀ।
ਉਨ੍ਹਾਂ ਕਿਹਾ ਕਿ ਜਰਮਨੀ ਦੀ ਕੰਪਨੀ ਵੇਰਬਾਇਓ ਨੇ ਬਾਇਉ ਸੀ.ਐਨ.ਜੀ ਦੀ ਸੁਵਿਧਾ ਸਥਾਪਤ ਕਰਨ ਲਈ ਮੁਢਲੀ ਪ੍ਰਵਾਨਗੀ ਪ੍ਰਾਪਤੀ ਕੀਤੀ ਹੈ ਜਦਕਿ ਨਵਰਤਨਾ ਐਚ.ਪੀ.ਸੀ.ਐਲ ਨੇ ਜ਼ਮੀਨ ਪ੍ਰਾਪਤ ਕਰ ਲਈ ਹੈ ਅਤੇ ਬਾਇਓਏਥਨੋਲ ਸੁਵਿਧਾ ਦੀ ਸਥਾਪਨਾ ਲਈ ਜਗ੍ਹਾ ਲਈ ਮੰਜੂਰੀ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਸਲਾਹਕਾਰ ਇਨਵੈਸਟਮੈਂਟ ਪ੍ਰਮੋਸ਼ਨ ਮੇਜਰ ਬੀ.ਐਸ. ਕੋਹਲੀ ਆਦਿ ਹਾਜ਼ਰ ਸਨ।