
ਬਠਿੰਡਾ ਲੋਕ ਸਭਾ ਹਲਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦਾ ਹਲਕਾ ਤਬਦੀਲ ਕਰਕੇ ਫ਼ਿਰੋਜ਼ਪੁਰ ਹਲਕੇ ਤੋਂ ਚੋਣ ਲੜਾਉਣ ਦੀ ਗੰਭੀਰ.....
ਚੰਡੀਗੜ੍ਹ : ਬਠਿੰਡਾ ਲੋਕ ਸਭਾ ਹਲਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦਾ ਹਲਕਾ ਤਬਦੀਲ ਕਰਕੇ ਫ਼ਿਰੋਜ਼ਪੁਰ ਹਲਕੇ ਤੋਂ ਚੋਣ ਲੜਾਉਣ ਦੀ ਗੰਭੀਰ ਚਰਚਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਪਾਰਟੀ ਪ੍ਰਧਾਨ ਨੂੰ ਸੁਝਾਅ ਦਿਤਾ ਗਿਆ ਹੈ ਕਿ ਜੇਕਰ ਹਰਸਿਮਰਤ ਕੌਰ ਬਾਦਲ ਬਠਿੰਡਾ ਹਲਕੇ ਤੋਂ ਚੋਣ ਲੜਦੇ ਹਨ ਤਾਂ ਪਾਰਟੀ ਨੂੰ ਇਥੇ ਜ਼ਿਆਦਾ ਜ਼ੋਰ ਲਾਉਣਾ ਪਵੇਗਾ। ਪਾਰਟੀ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਇਸੇ ਹਲਕੇ 'ਚ ਉਲਝ ਕੇ ਰਹਿ ਜਾਣਗੇ ਅਤੇ ਬਾਕੀ ਹਲਕਿਆਂ 'ਚ ਪ੍ਰਚਾਰ ਲਈ ਸਮਾਂ ਘੱਟ ਮਿਲੇਗਾ। ਇਹ ਜਾਣਕਾਰੀ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਗੱਲਬਾਤ ਸਮੇਂ ਦਿਤੀ।
ਉਨ੍ਹਾਂ ਦਸਿਆ ਕਿ ਅਜੇ ਤੱਕ ਪਾਰਟੀ ਪ੍ਰਧਾਨ ਨੇ ਇਸ ਲਈ ਬੇਸ਼ਕ ਹਾਮੀਂ ਨਹੀਂ ਭਰੀ ਪਰ ਉਨ੍ਹਾਂ ਨੇ ਇਨਕਾਰ ਵੀ ਨਹੀਂ ਕੀਤਾ। ਬਾਦਲ ਪਵਾਰ ਦਾ ਮੰਨਣਾ ਹੈ ਕਿ ਜੇਕਰ ਹਰਸਿਮਰਤ ਕੌਰ ਬਠਿੰਡਾ ਹਲਕਾ ਛੱਡ ਕੇ ਫ਼ਿਰੋਜ਼ਪੁਰ ਜਾਂਦੇ ਹਨ ਤਾਂ ਇਹ ਪ੍ਰਚਾਰ ਹੋਵੇਗਾ। ਬਾਦਲ ਪ੍ਰੀਵਾਰ ਡਰ ਗਿਆ ਹੈ। ਵੋਟਰਾਂ 'ਚ ਇਸ ਦਾ ਸੰਦੇਸ਼ ਵੀ ਗ਼ਲਤ ਜਾ ਸਕਦਾ ਹੈ। ਉਨ੍ਹਾਂ ਅਪਣਾ ਨਾਮ ਨਾ ਪ੍ਰਕਾਸ਼ਤ ਕਰਨ ਦੀ ਸ਼ਰਤ ਨਾਲ ਦਸਿਆ ਕਿ ਹਲਕਾ ਤਬਦੀਲ ਕਰਨ ਲਈ ਪਾਰਟੀ ਆਗੂ ਗੰਭੀਰ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਫ਼ਿਰੋਜ਼ਪੁਰ ਹਲਕੇ ਤੋਂ 1998 ਤੋਂ ਲੈ ਕੇ ਲਗਾਤਾਰ ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤ ਪ੍ਰਾਪਤ ਕਰਦੇ ਆ ਰਹੇ ਹਨ।
1996 ਦੀਆਂ ਲੋਕ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮੋਹਨ ਸਿੰਘ ਨੇ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਲਗਾਤਾਰ 1998, 1999, 2004, 2009 ਅਤੇ 2014 ਵਿਚ ਅਕਾਲੀ ਦਲ ਨੇ ਇਥੋਂ ਜਿੱਤ ਪ੍ਰਾਪਤ ਕੀਤੀ ਹੈ। 1998 ਵਿਚ ਅਕਾਲੀ ਦਲ ਦੇ ਉਮੀਦਵਾਰ ਜ਼ੋਰਾ ਸਿੰਘ ਮਾਨ ਨੂੰ 3,89908 ਵੋਟਾਂ ਮਿਲੀਆਂ, ਬਸਪਾ ਉਮੀਦਵਾਰ ਨੂੰ 3,45,441 ਅਤੇ ਕਾਂਗਰਸ ਤੀਸਰੇ ਨੰਬਰ 'ਤੇ ਰਹੀ ਸੀ। ਉਸ ਤੋਂ ਬਾਅਦ ਅਕਾਲੀ ਦਾ ਮੁਕਾਬਲਾ ਕਾਂਗਰਸ ਨਾਂਲ ਹੁੰਦਾ ਰਿਹਾ ਅਤੇ ਕਾਂਗਰਸ ਦੂਸਰੇ ਨੰਬਰ 'ਤੇ ਰਹੀ। 2017 ਦੀਆਂ ਅਸੰਬਲੀ ਚੋਣਾਂ ਸਮੇਂ ਵੀ ਜਦ ਕਾਂਗਰਸ ਨੇ ਪੰਜਾਬ 'ਚ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ
ਤਾਂ ਅਕਾਲੀ ਦਲ ਅਤੇ ਭਾਜਪਾ ਨੇ ਇਸ ਲੋਕ ਸਭਾ ਹਲਕੇ ਦੇ 9 ਅਸੰਬਲੀ ਹਲਕਿਆਂ 'ਚੋਂ ਚਾਰ ਜਲਾਲਾਬਾਦ, ਅਬੋਹਰ, ਮਲੋਟ ਅਤੇ ਮੁਕਤਸਰ ਤੋਂ ਜਿੱਤ ਪ੍ਰਾਪਤ ਕੀਤੀ। ਪਾਰਟੀਆਂ ਆਗੂਆਂ ਦਾ ਮੰਨਣਾ ਹੈ ਕਿ ਇਸ ਹਲਕੇ 'ਚ ਸੱਭ ਤੋਂ ਵੱਧ ਜਾਤੀਆਂ ਹਨ। ਰਾਏ ਸਿੱਖ, ਕੰਬੋਜ, ਅਰੋੜੇ, ਖਤਰੀ, ਜੱਟ ਸਿੱਖ, ਆਰੀਆ ਅਤੇ ਹੋਰ ਕਈ ਭਾਈਚਾਰੇ ਹਨ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਸ਼ੇਰ ਸਿੰਘ ਘੁਬਾਇਆ ਜੋ 2014 'ਚ ਅਕਾਲੀ ਦਲ ਦੀ ਟਿਕਟ 'ਤੇ ਐਮ.ਪੀ. ਬਣਿਆ ਹੈ ਅਤੇ ਹੁਣ ਉਹ ਲਗਭਗ ਪਾਰਟੀ ਤੋਂ ਬਾਹਰ ਹੈ ਤਾਂ ਇਸਦਾ ਨੁਕਸਾਨ ਨਹੀਂ ਹੋਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ੇਰ ਸਿੰਘ ਘੁਬਾਇਆ ਨੂੰ ਨਾ ਤਾਂ ਕਾਂਗਰਸ ਦੀ ਟਿਕਟ ਮਿਲਣੀ ਹੈ ਅਤੇ ਨਾ ਹੀ ਅਕਾਲੀ ਦਲ ਦੀ। ਜੇ ਉਨ੍ਹਾਂ ਨੂੰ ਟਿਕਟ ਮਿਲ ਵੀ ਜਾਂਦੀ ਹੈ ਤਾਂ ਰਾਏ ਸਿੱਖ ਬਰਾਦਰੀ ਦੀ ਵੀ ਪੂਰੀ ਵੋਟ ਨਹੀਂ ਭੁਗਤੇਗੀ। ਅਕਾਲੀ ਦਲ ਦੇ ਆਗੂਆਂ ਦਾ ਮੰਨਣਾ, ਫ਼ਿਰੋਜ਼ਪੁਰ ਹਲਕਾ ਹਰਸਿਮਰਤ ਕੌਰ ਲਈ ਸੱਭ ਤੋਂ ਸੁਰੱਖਿਅਤ ਹੈ। ਕਾਂਗਰਸ ਪਾਰਟੀ ਵਲੋਂ ਫ਼ਿਰੋਜ਼ਪੁਰ ਹਲਕੇ ਤੋਂ ਦੋ ਗੰਭੀਰ ਉਮੀਦਵਾਰ ਹਨ। ਇਕ ਤਾਂ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਦਾ ਬੇਟਾ ਅਤੇ ਦੂਜਾ ਸਵਰਗੀ ਭਾਈ ਸੁਰਿੰਦਰ ਸਿੰਘ ਦੇ ਪਰਵਾਰ ਦਾ ਨੌਜਵਾਨ। ਵੈਸੇ ਇਹ ਦੋਵੇਂ ਗੂੜ੍ਹੇ ਰਿਸ਼ਤੇਦਾਰ ਵੀ ਹਨ।
ਰਾਣਾ ਸੋਢੀ ਦੇ ਬੇਟੇ ਦੀ ਸ਼ਾਦੀ ਭਾਈ ਸਰਿੰਦਰ ਸਿੰਘ ਦੇ ਪਰਵਾਰ ਵਿਚ ਹੋਈ ਹੈ। ਸ਼ੇਰ ਸਿੰਘ ਘੁਬਾਇਆ ਬੇਸ਼ੱਕ ਅਜੇ ਤਕ ਅਕਾਲੀ ਪਾਰਟੀ ਵਿਚ ਹੀ ਹਨ। ਨਾ ਉਨ੍ਹਾਂ ਪਾਰਟੀ ਤੋਂ ਅਸਤੀਫ਼ਾ ਦਿਤਾ ਹੈ ਅਤੇ ਨਾ ਹੀ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਕਢਿਆ ਹੈ। ਪਰ ਸ. ਘੁਬਾਇਆ ਪਿਛਲੇ ਦੋ ਸਾਲਾਂ ਤੋਂ ਪਾਰਟੀ ਤੋਂ ਬਾਗੀ ਹੈ। ਕਾਂਗਰਸ ਪਾਰਟੀ ਦੀ ਟਿਕਟ ਲਈ ਉਹ ਜ਼ੋਰ ਵੀ ਲਗਾ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਹਮਾਇਤ ਵੀ ਪ੍ਰਾਪਤ ਹੈ। ਪਰ ਰਾਣਾ ਸੋਢੀ ਅਤੇ ਸੁਰਿੰਦਰ ਸਿੰਘ ਪਰਵਾਰ ਦੀ ਦਾਅਵੇਦਾਰੀ ਮਜ਼ਬੂਤ ਲਗਦੀ ਹੈ। ਦੋਹਾਂ 'ਚੋਂ ਕਿਸੇ ਨੂੰ ਵੀ ਕਾਂਗਰਸ ਦੀ ਟਿਕਟ ਮਿਲੀ ਤਾਂ ਦੂਜਾ ਪਰਵਾਰ ਉਸ ਦੀ ਹਮਾਇਤ ਹੀ ਕਰੇਗਾ।