
ਧਾਰਮਿਕ ਅਸਥਾਨਾਂ ’ਤੇ ਵੀਡੀਓ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਅਤੇ ਇਹਨਾਂ ਵੀਡੀਓਜ਼ ਦੇ ਕਾਰਨ SGPC ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ
ਅੰਮ੍ਰਿਤਸਰ- ਧਾਰਮਿਕ ਅਸਥਾਨਾਂ ’ਤੇ ਵੀਡੀਓ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਅਤੇ ਇਹਨਾਂ ਵੀਡੀਓਜ਼ ਦੇ ਕਾਰਨ SGPC ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। SGPC ਨੇ ਫੈਸਲਾ ਸੁਣਾਇਆ ਕਿ ਸਾਰੇ ਗੁਰੂ ਘਰਾਂ ’ਚ ਵੀਡੀਓ ਬਣਾਉਣ ਤੇ ਤਸਵੀਰਾਂ ਖਿੱਚਣ ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਦਰਬਾਰ ਸਾਹਿਬ ’ਚ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਤੇ ਬੈਨ ਕੀਤੀ ਗਈ ਸੀ ਪਰ ਹੁਣ ਸਾਰੇ ਗੁਰੂਘਰਾਂ ’ਚ ਬੈਨ ਕਰ ਦਿੱਤਾ ਗਿਆ ਹੈ।
Gobind Singh Longowal
ਦੱਸ ਦਈਏ ਕਿ ਆਏ ਦਿਨ ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਟਿਕ-ਟਾਕ ਵੀਡੀਓ ਬਣਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਲਗਾਤਾਰ ਬਣ ਰਹੀਆਂ ਟਿਕ-ਟਾਕ ਵੀਡੀਓਜ਼ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ।
File Photo
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਜੇਕਰ ਇਹ ਘਟਨਾਵਾਂ ਇੰਝ ਹੀ ਵਾਪਰਦੀਆਂ ਰਹੀਆਂ ਤਾਂ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਵੱਲੋਂ ਖਾਸ ਕਰ ਨੌਜਵਾਨ ਪੀੜ੍ਹੀ ਦੇ ਮੋਬਾਇਲ ਫੋਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਣ ਦੀ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇਗੀ।
File Photo
ਇਸ ਬਿਆਨ ਤੋਂ ਬਾਅਦ ਹਰਿਮੰਦਰ ਸਾਹਿਬ ਵਿਚ ਟਿਕ-ਟਾਕ ਵੀਡੀਓਜ਼ ਨੂੰ ਲੈ ਕੇ ਵੱਡਾ ਕਦਮ ਚੁੱਕਦੇ ਹੋਏ ਵੱਖ-ਵੱਖ ਥਾਵਾਂ 'ਤੇ ਪੋਸਟਰ ਲਗਾਏ ਗਏ ਸਨ ਜਿਨ੍ਹਾਂ ਵਿਚ ਸਾਫ਼ ਤੌਰ 'ਤੇ ਲਿਖਿਆ ਗਿਆ ਸੀ ਕਿ ਇੱਥੇ ਟਿਕ-ਟਾਕ ਬਣਾਉਣਾ ਮਨ੍ਹਾਂ ਹੈ। ਦੱਸ ਦਈਏ ਕਿ ਇਹਨਾਂ ਵੀਡੀਓਜ਼ ਦੇ ਚੱਲਦੇ ਹੀ ਜੱਥੇਦਾਰ ਵੱਲੋਂ ਮੋਬਾਇਲ ਫੋਨ ਬੈਨ ਕਰਨ ਦਾ ਬਿਆਨ ਦਿੱਤਾ ਗਿਆ ਸੀ।
Giani Harpreet Singh
ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਵਿਚ ਵੀਡੀਓ ਬਣਾਉਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਮੇ ਆ ਚੁੱਕੇ ਹਨ ਜਿਸ ਨਾਲ ਸਿੱਖ ਭਾਈਚਾਰੇ ਨੂੰ ਵੀ ਕਾਫ਼ੀ ਠੇਸ ਪਹੁੰਚੀ ਸੀ। ਜਿਨ੍ਹਾਂ ਲੜਕੀਆਂ ਨੇ ਦਰਬਾਰ ਸਾਹਿਬ ਵਿਚ ਟਿਕ-ਟਾਕ ਬਣਾਈ ਸੀ ਉਹਨਾਂ ਵੱਲੋਂ ਬਾਅਦ ਵਿਚ ਮਾਫ਼ੀ ਵੀ ਮੰਗ ਲਈ ਗਈ ਸੀ।