
ਲੋਕ ਸਭਾ 'ਚ ਰਾਹੁਲ ਗਾਂਧੀ ਨੇ ਕਿਹਾ- ਇਹ ਸਰਕਾਰ 'ਹਮ ਦੋ, ਹਮਾਰੇ ਦੋ' ਕੀ ਸਰਕਾਰ ਹੈ
ਲੋਕ ਸਭਾ 'ਚ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਹੰਗਾਮਾ
ਨਵੀਂ ਦਿੱਲੀ, 11 ਫ਼ਰਵਰੀ: ਲੋਕ ਸਭਾ 'ਚ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਵਿਰੁਧ ਕਿਹਾ ਕਿ ਖੇਤੀ ਕਾਨੂੰਨਾਂ ਅਤੇ ਉਸ ਦੇ ਇਰਾਦੇ 'ਤੇ ਗੱਲ ਕਰਨੀ ਚਾਹੀਦੀ ਹੈ | ਇਹ ਸਰਕਾਰ ਹਮ ਦੋ, ਹਮਾਰੇ ਦੋ ਕੀ ਸਰਕਾਰ ਹੈ | ਰਾਹੁਲ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਮੰਡੀਆਂ ਖ਼ਤਮ ਹੋ ਜਾਣਗੀਆਂ | ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚ ਸੰਸਦ ਮੈਂਬਰਾਂ ਨੇ ਹੰਗਾਮਾ ਕਰ ਦਿਤਾ |
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਹੁਲ ਨੂੰ ਕਿਹਾ ਕਿ ਤੁਸੀਂ ਬਜਟ 'ਤੇ ਬੋਲੋ | ਸਪੀਕਰ ਨੇ ਰਾਹੁਲ ਨੂੰ ਇਹ ਵੀ ਕਿਹਾ ਕਿ ਇਹ ਸਦਨ ਹੈ | ਰਾਹੁਲ ਨੇ ਕਿਹਾ ਕਿ ਜਦੋਂ ਇਹ ਕਾਨੂੰਨ ਲਾਗੂ ਹੋਣਗੇ,
ਤਾਂ ਛੋਟੇ ਕਿਸਾਨਾਂ, ਮਜ਼ਦੂਰਾਂ ਦਾ ਕੰਮ ਬੰਦ ਹੋ ਜਾਵੇਗਾ | ਸਿਰਫ਼ ਦੋ ਲੋਕ ਹਮ ਦੋ ਅਤੇ ਹਮਾਰੇ ਦੋ ਇਸ ਦੇਸ਼ ਨੂੰ ਚਲਾਉਣਗੇ | ਹਿੰਦੁਸਤਾਨ ਦੇ ਲੋਕਾਂ ਨੂੰ ਭੁੱਖ ਨਾਲ ਮਰਨਾ ਪਵੇਗਾ | ਆਰਥਕ ਤੰਗੀ ਵਧ ਜਾਵੇਗੀ ਅਤੇ ਦੇਸ਼ ਬੇਰੁਜ਼ਗਾਰ ਹੋ ਜਾਵੇਗਾ | ਪ੍ਰਧਾਨ ਮੰਤਰੀ ਦੀ ਪਹਿਲੀ ਸੱਟ ਨੋਟਬੰਦੀ ਸੀ | ਫਿਰ ਜੀ. ਐੱਸ. ਟੀ. ਫਿਰ ਕਿਸਾਨਾਂ ਲਈ ਨਵੇਂ ਖੇਤੀ ਕਾਨੂੰਨ, ਫਿਰ ਕੋਰੋਨਾ ਆਉਂਦਾ ਹੈ |
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ 'ਚ ਲੋਕ ਸਭਾ 'ਚ ਦੋ ਮਿੰਟਾਂ ਦਾ ਮੌਨ ਰੱਖਾਂਗਾ | (ਏਜੰਸੀ)