
ਕਾਂਗਰਸ ਆਈ ਤਾਂ ਚੰਨੀ ਹੋਵੇਗਾ ਮੁੱਖ ਮੰਤਰੀ ਤੇ ਸਿੱਧੂ ਸੁਪਰ ਮੁੱਖ ਮੰਤਰੀ : ਰਵਨੀਤ ਬਿੱਟੂ
ਚੰਡੀਗੜ੍ਹ, 12 ਫ਼ਰਵਰੀ (ਪ.ਪ.) : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿਤਾ ਹੈ। ਇਸ ਤੋਂ ਬਾਅਦ ਹੁਣ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਪਾਰਟੀ ਦੁਬਾਰਾ ਸੱਤਾ ’ਚ ਆਉਂਦੀ ਹੈ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰ ਸੀ.ਐਮ. ਦਾ ਅਹੁਦਾ ਮਿਲੇਗਾ। ਦਰਅਸਲ ਉਨ੍ਹਾਂ ਨੂੰ ਪੱਤਰਕਾਰਾਂ ਵਲੋਂ ਲਗਾਤਾਰ ਸਵਾਲ ਕੀਤਾ ਜਾ ਰਿਹਾ ਸੀ ਕਿ ਕਾਂਗਰਸ ਵਲੋਂ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਹਾਈ ਕਮਾਨ ਦੇ ਫ਼ੈਸਲੇ ’ਤੇ ਬਿਆਨ ਦਿਤਾ ਸੀ ਕਿ ਮੁੱਖ ਮੰਤਰੀ ਇਕ ਯੋਗ ਉਮੀਦਵਾਰ ਹੋਣਾ ਚਾਹੀਦਾ ਹੈ ਤਾਂ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਉਨ੍ਹਾਂ ਦਾ ਹੱਕ ਹੈ ਜੇਕਰ ਉਨ੍ਹਾਂ ਨੂੰ ਕੋਈ ਇਤਰਾਜ਼ ਸੀ ਤਾਂ ਉਨ੍ਹਾਂ ਨੇ ਜ਼ਾਹਰ ਕਰ ਦਿਤਾ ਹੈ ਜਿਸ ਬਾਰੇ ਉਹ ਕੋਈ ਟਿਪਣੀ ਨਹੀਂ ਕਰਨੀ ਚਾਹੁੰਦੇ। ਰਵਨੀਤ ਬਿੱਟੂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਇਸ ਤੋਂ ਕੋਈ ਵੀ ਇਤਰਾਜ਼ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਪੂਰੇ ਦਿਲ ਤੋਂ ਰਾਹੁਲ ਗਾਂਧੀ ਦੇ ਸਾਹਮਣੇ ਹੀ ਚਰਨਜੀਤ ਸਿੰਘ ਚੰਨੀ ਦੀ ਬਾਂਹ ਫੜ ਕੇ ਪਾਰਟੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਸੀ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਇਹ ਵੀ ਕਹਿ ਦਿਤਾ ਹੈ ਕਿ ਪੰਜਾਬ ਮਾਡਲ ਭਾਵੇਂ ਨਵਜੋਤ ਸਿੱਧੂ ਦਾ ਹੈ ਪਰ ਹੁਣ ਉਸ ਨੂੰ ਲਾਗੂ ਕਰਨਾ ਚਰਨਜੀਤ ਸਿੰਘ ਚੰਨੀ ਦਾ ਫ਼ਰਜ਼ ਹੈ। ਇਸ ਦੇ ਚਲਦਿਆਂ ਹੀ ਜਦੋਂ ਉਨ੍ਹਾਂ ਨੂੰ ਫਿਰ ਪੁਛਿਆ ਗਿਆ ਕਿ ਜੇਕਰ ਕਾਂਗਰਸ ਸਰਕਾਰ ਸੱਤਾ ਵਿਚ ਆਈ ਤਾਂ ਨਵਜੋਤ ਸਿੰਘ ਸਿੱਧੂ ਨੂੰ ਕਿਹੜਾ ਅਹੁਦਾ ਮਿਲੇਗਾ ਤਾਂ ਉਨ੍ਹਾਂ ਕਿਹਾ ‘ਸੁਪਰ ਸੀ.ਐਮ.’।