
ਕਾਂਗਰਸ ਪਾਰਟੀ ਦੇ ਵਧ ਰਹੇ ਜਨ ਆਧਾਰ ਨੇ ਵਿਰੋਧੀਆਂ ਦੀ ਉਡਾਈ ਨੀਂਦ : ਮਨੀਸ਼ ਬਾਂਸਲ
ਬਰਨਾਲਾ, 12 ਫ਼ਰਵਰੀ (ਜਸ਼ਨਪਾਲ ਸਿੰਘ ਧਾਂਦਰਾ) : ਪੰਜਾਬ ਵਿਧਾਨ ਸਭਾ ਚੋਣਾ ਨੂੰ ਲੈ ਕੇ ਸੂਬੇ ਭਰ ਅੰਦਰ ਸਿਆਸੀ ਅਖਾੜਾ ਭਖ ਚਕਿਆ ਹੈ। ਬਰਨਾਲਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਮਨੀਸ਼ ਬਾਂਸਲ ਵਲੋਂ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਚੋਣ ਮੁਹਿੰਮਾਂ ਲਗਾਤਾਰ ਜਾਰੀ ਹਨ ਅਤੇ ਉਨ੍ਹਾਂ ਨੂੰ ਲੋਕਾਂ ਦਾ ਭਰਵਾਂ ਸਹਿਯੋਗ ਵੀ ਮਿਲ ਰਿਹਾ ਹੈ।
ਮਨੀਸ਼ ਬਾਂਸਲ ਨੂੰ ਹਲਕੇ ਵਿੱਚ ਮਿਲ ਰਹੇ ਭਾਰੀ ਸਮਰਥਨ ਤੋਂ ਵਿਰੋਧੀ ਉਮੀਦਵਾਰਾਂ ਉਪਰ ਭਾਰੂ ਪੈ ਰਿਹਾ ਹੈ ਅਤੇ ਲਗਾਤਾਰ ਵਿਰੋਧੀ ਪਾਰਟੀ ਦੇ ਵਰਕਰਾਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਿਥੇ ਕਾਂਗਰਸ ਅਤੇ ਮਨੀਸ਼ ਬਾਂਸਲ ਦੀ ਇਨ੍ਹਾਂ ਚੋਣਾਂ ਵਿਚ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ ਉਥੇ ਹੀ ਵਿਰੋਧੀਆਂ ਦੀਆਂ ਕਮਜ਼ੋਰ ਪੈ ਰਹੀਆਂ ਚੋਣ ਮੁਹਿੰਮਾਂ ਦਾ ਫ਼ਾਇਦਾ ਵੀ ਮਨੀਸ਼ ਬਾਂਸਲ ਨੂੰ ਮਿਲ ਰਿਹਾ ਹੈ।
ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਮ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਪਾਉਣ ਲਈ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸੀ.ਐਮ ਚੰਨੀ ਨੇ ਪਿਛਲੇ 111 ਦਿਨਾਂ ਵਿਚ ਸੂਬੇ ਅੰਦਰ ਕਈ ਵਿਕਾਸ ਕਾਰਜਾਂ ਨੂੰ ਸਿਰੇ ਚਾੜ੍ਹਨ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਕਈ ਅਹਿਮ ਫ਼ੈਸਲੇ ਲਏ ਹਨ ਅਤੇ ਕਾਂਗਰਸ ਪਾਰਟੀ ਵਲੋਂ ਮੁੜ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਹਲਕੇ ਤੋਂ ਮੁੱਖ ਮੰਤਰੀ ਵਜੋਂ ਚੋਣ ਮੈਦਾਨ ਵਿਚ ਉਤਾਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਅੰਦਰ ਪਿਛਲੇ ਦਹਾਕੇ ਅੰਦਰ ਕੋਈ ਵਿਕਾਸ ਕਾਰਜ ਸਿਰੇ ਨਹੀਂ ਚੜ੍ਹਾਏ ਅਤੇ ‘ਆਪ’ ਵਲੋਂ ਸੱਤਾ ਹਾਸਲ ਕਰਨ ਲਈ ਝੂਠੇ ਵਾਅਦੇ ਕਰ ਕੇ ਚੋਣਾਂ ਜਿੱਤਣ ਦਾ ਪੈਂਤੜਾ ਵਰਤਿਆ ਜਾ ਰਿਹਾ ਹੈ ਜਦਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚੰਨੀ ਨੇ ਲੋਕ ਹਿਤ ਵਿਚ ਫ਼ੈਸਲੇ ਲਏ ਹਨ ਅਤੇ ਇਨ੍ਹਾਂ ਲੋਕਾਂ ਵਿਚ ਵੀ ਕਾਂਗਰਸ ਪਾਰਟੀ ਦੀ ਜਿੱਤ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਦੇ ਹਿਤਾਂ ਨੂੰ ਪੂਰਨ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਵਰਕਰ ਤੇ ਸ਼ਹਿਰ ਵਾਸੀ ਹਾਜ਼ਰ ਸਨ।
ਬਰਨਾਲਾ-12---2ਏ