
'ਪਿਛਲੇ 20 ਸਾਲਾਂ ਵਿਚ ਕਿੰਨੇ ਸਰਕਾਰੀ ਸਕੂਲ ਬਣੇ ਹਨ'
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ ਹੈ। ਸਾਰੀਆਂ ਪਾਰਟੀਆਂ ਵੱਡੇ- ਵੱਡੇ ਐਲਾਨ ਕਰਨ ਦੇ ਨਾਲ-ਨਾਲ ਸਿਖਿਆ ਦੇ ਮਿਆਰ ਨੂੰ ਉੱਚਾ ਚੁਕਣ ਲਈ ਦਾਅਵੇ ਕਰ ਰਹੀਆਂ ਹਨ ਪਰ ਅਸਲ ਸੱਚਾਈ ਕੀ ਹੈ? ਬੱਚਿਆਂ ਨੂੰ ਕਿੰਨਾ ਕੁ ਸਿਖਿਆ ਦਾ ਅਧਿਕਾਰ ਮਿਲ ਰਿਹਾ ਹੈ। ਕਿੰਨੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਹਨ। ਇਸ ਦੀ ਜ਼ਮੀਨੀ ਹਕੀਕਤ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਨੇ ਜਸਬੀਰ ਚੰਦਰਾ ਜੋ ਕਿ ਏਪੀਜੇ ਸਕੂਲ ਦੇ ਪਿ੍ਰੰਸੀਪਲ ਹਨ ਨਾਲ ਖ਼ਾਸ ਗੱਲਬਾਤ ਕੀਤੀ ਗਈ।
Jasbir Chandra
ਸਵਾਲ: ਅਸਲ ਵਿਚ ਦਾਅਵੇ ਬਹੁਤ ਕੀਤੇ ਜਾ ਰਹੇ ਹਨ ਕਿ ਸਿਖਿਆ ਦੇ ਮਿਆਰ ਨੂੰ ਉਚਾ ਚੁਕਿਆ ਜਾਵੇਗਾ ਪਰ ਅਸਲੀ ਹਕੀਕਤ ਕੀ ਹੈ?
ਜਵਾਬ: ਸਿਖਿਆ ਪ੍ਰਤੀ ਕੋਈ ਵੀ ਪਾਰਟੀ ਗੰਭੀਰ ਨਹੀਂ ਹੈ। ਦਿਖਾਵੇ ਦੇ ਤੌਰ ’ਤੇ ਆਰਟੀਈ (ਸਿਖਿਆ ਦਾ ਅਧਿਕਾਰ) ਲਾਗੂ ਕਰ ਦਿਤਾ। ਸਾਡੇ ਦੇਸ਼ ਵਿਚ ਸਰਕਾਰੀ ਸਕੂਲ ਘੱਟ ਜਦਕਿ ਪ੍ਰਾਈਵੇਟ ਸਕੂਲ ਜ਼ਿਆਦਾ ਖੁੱਲ੍ਹ ਰਹੇ ਹਨ। ਹਰ ਮਾਪੇ ਅਪਣੇ ਬੱਚਿਆਂ ਨੂੰ ਵਧੀਆ ਸਕੂਲ ਵਿਚ ਪੜ੍ਹਾਉਣਾ ਚਾਹੁੰਦੇ ਹਨ, ਵਧੀਆ ਪੜ੍ਹਾਈ ਕਰਵਾਉਣਾ ਚਾਹੁੰਦੇ ਹਨ। ਇਕ ਮਜ਼ਦੂਰ ਵੀ ਅਪਣੇ ਬੱਚੇ ਨੂੰ ਵਧੀਆਂ ਸਕੂਲ ਵਿਚ ਪੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕੋਈ ਵੀ ਸਿਆਸੀ ਪਾਰਟੀ ਆਰਟੀਈ ਨੂੰ ਲੈ ਕੇ ਗੰਭੀਰ ਨਹੀਂ ਹੈ।
Jasbir Chandra
ਸਵਾਲ: ਜਿਹੜੀ ਤੁਸੀਂ ਹੁਣ ਆਵਾਜ਼ ਚੁਕ ਰਹੇ ਹੋ ਕਿ ਕੋਈ ਵੀ ਪਾਰਟੀ ਪੜ੍ਹਾਈ ਨੂੰ ਲੈ ਕੇ ਗੰਭੀਰ ਨਹੀਂ ਹੈ। ਕੀ ਤੁਹਾਨੂੰ ਲਗਦਾ ਹੈ ਕਿ ਇਕੱਲਾ ਬੰਦਾ ਬਦਲਾਅ ਲਿਆ ਸਕਦਾ ਹੈ?
ਜਵਾਬ: ਜਦੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਤੇ ਉਸ ਵਿਰੁਧ ਕਿਸਾਨਾਂ, ਮਜ਼ਦੂਰਾਂ ਨੇ ਆਵਾਜ ਚੁੱਕੀ। ਉਦੋਂ ਸਰਕਾਰ ਨੇ ਕਿਹਾ ਕਿ ਇਹ ਕਾਨੂੰਨ ਤਾਂ ਲੋਕ ਸਭਾ ਪਾਸ ਕਰਦੀ ਕਿਸਾਨ ਜਿੰਨੇ ਮਰਜ਼ੀ ਧਰਨੇ ਲਾਈ ਜਾਣ ਇਹ ਬਿਲ ਵਾਪਸ ਨਹੀਂ ਹੋ ਸਕਦੇ। ਤੁਹਾਡੇ ਸਾਹਮਣੇ ਉਹ ਬਿਲ ਵਾਪਸ ਹੋਏ। ਇਕੱਲਾ ਬੰਦਾ ਹੋਵੇ ਤੇ ਫਿਰ ਸੰਗਠਨ ਬਣ ਜਾਵੇ ਤਾਂ ਸੱਭ ਕੁੱਝ ਸੰਭਵ ਹੋ ਸਕਦਾ।
Jasbir Chandra
ਸਵਾਲ: ਕਿਸਾਨਾਂ ਨੂੰ ਪੂਰੇ ਦੇਸ਼ ਦਾ ਸਾਥ ਮਿਲ ਗਿਆ ਸੀ ਕੀ ਤੁਹਾਨੂੰ ਲਗਦਾ ਤੁਹਾਡੇ ਨਾਲ ਲੋਕ ਜੁੜਨਗੇ?
ਜਵਾਬ: ਅੱਜ ਹਰ ਬੰਦਾ ਸਿਖਿਆ ਨੂੰ ਮਹੱਤਤਾ ਦਿੰਦਾ ਹੈ। ਚਾਹੇ ਉਹ ਦੁਕਾਨਦਾਰ ਹੋਵੇ, ਚਾਹੇ ਫ਼ੈਕਟਰੀ ਵਿਚ ਕੰਮ ਕਰਦਾ ਹੋਵੇ। ਹਰ ਕੋਈ ਅਪਣੇ ਬੱਚੇ ਨੂੰ ਵਧੀਆ ਸਿਖਿਆ ਦੇਣਾ ਚਾਹੁੰਦਾ ਹੈ ਤੇੇ ਜਿਸ ਬੰਦੇ ਨੂੰ ਮੇਰੀ ਗੱਲ ਸਮਝ ਆਵੇਗੀ ਉਹ ਮੇਰੇ ਨਾਲ ਜ਼ਰੂਰ ਜੁੜੇਗਾ।
Jasbir Chandra
ਸਵਾਲ: ਤੁਸੀਂ ਪੜ੍ਹਾਈ ਦੀ ਮਹੱਤਤਾ ਦੀ ਗੱਲ ਕਰਦੇ ਹੋ ਪਰ ਗ਼ਰੀਬ ਤਬਕੇ ਦੇ ਲੋਕ ਜੋ ਖ਼ੁਦ ਵੀ ਪੜ੍ਹੇ ਲਿਖੇ ਨਹੀਂ ਹੁੰਦੇ ਕੀ ਉਹ ਸਮਝ ਸਕਣਗੇ ਕਿ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਵਧੀਆ ਜਾਂ ਸਰਕਾਰੀ ਸਕੂਲਾਂ ਵਿਚ?
ਜਵਾਬ-: ਚਰਨਜੀਤ ਸਿੰਘ ਚੰਨੀ ਨੇ ਆਪ ਕਿਹਾ ਕਿ ਉਹ ਟੈਂਟ ਦਾ ਕੰਮ ਕਰਦਾ ਰਿਹਾ। ਮੈਂ ਟੈਂਟ ਵਾਲੇ ਦਾ ਮੁੰਡਾ ਹਾਂ। ਚਰਨਜੀਤ ਸਿੰਘ ਚੰਨੀ ਦੇ ਮਾਪਿਆਂ ਨੇ ਪੜ੍ਹਾਈ ਦੀ ਮਹੱਤਤਾ ਸਮਝੀ। ਉਨ੍ਹਾਂ ਦੇ ਸਾਰੇ ਬੱਚੇ ਇੰਨੇ ਪੜ੍ਹੇ ਲਿਖੇ ਹਨ। ਜੇ ਤੁਸੀਂ ਪੜ੍ਹਾਈ ਦੀ ਮਹੱਤਤਾ ਨਹੀਂ ਸਮਝੋਗੇ ਤਾਂ ਤੁਸੀਂ ਪਛੜ ਜਾਵੋਗੇ। ਉਦਾਹਰਣ ਵਜੋਂ ਇਕ ਦੌੜ ਹੈ। 10 ਬੰਦੇ ਦੌੜ ਵਿਚ ਦੌੜ ਰਹੇ ਹਨ। ਹੁਣ ਜਿਹੜਾ ਬੰਦਾ ਆਰਾਮਦਾਰੀ ਨਾਲ ਦੌੜੇਗਾ ਉਹ 10ਵੇਂ ਨੰਬਰ ’ਤੇ ਹੀ ਆਵੇਗਾ। ਡਾ. ਭੀਮ ਰਾਉ ਅੰਬੇਦਕਰ ਬਚਪਨ ਵਿਚ ਪੜ੍ਹਨ ਲਈ ਆਏ। ਉਨ੍ਹਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਲੋਕ ਉਨ੍ਹਾਂ ਪੜ੍ਹਨ ਨਹੀਂ ਦਿੰਦੇ ਸਨ। ਉਨ੍ਹਾਂ ਨੇ ਲੜਾਈ ਕੀਤੀ, ਪੜ੍ਹੇ ’ਤੇ ਉਹੀ ਇਨਸਾਨ ਨੇ ਸੰਵਿਧਾਨ ਲਿਖਿਆ।
Jasbir Chandra
ਸਵਾਲ: ਸਿਖਿਆ ਦੇ ਅਧਿਕਾਰ ਤਹਿਤ ਬੱਚਿਆਂ ਨੂੰ ਮੁਢਲੀ ਸਿਖਿਆ ਦੇਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਸਰਕਾਰੀ ਸਕੂਲਾਂ ਵਿਚ ਤਾਂ ਮਿਲ ਹੀ ਰਹੀ ਹੈ। ਪ੍ਰਾਈਵੇਟ ਸਕੂਲਾਂ ਵਿਚ ਰਾਖਵੀਆਂ ਸੀਟਾਂ ਹੁੰਦੀਆਂ ਹਨ। ਤੁਸੀਂ ਕੋਈ ਉਦਾਹਰਣ ਦੇ ਕੇ ਸਮਝਾ ਸਕਦੇ ਹੋ ਕਿ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਕੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜੋ ਸਿਖਿਆ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਰਹੀ।
ਜਵਾਬ: ਜਦੋਂ ਕੋਰੋਨਾ ਕਾਲ ਵਿਚ ਸਰਕਾਰ ਨੇ ਲਾਕਡਾਊਨ ਲਗਾਇਆ। ਲਾਕਡਾਊਨ ਨਾਲ ਵਪਾਰ, ਰੈਸਟੋਰੈਂਟ, ਹੋਟਲ ਅਤੇ ਹੋਰ ਵੀ ਕਾਫ਼ੀ ਚੀਜ਼ਾਂ ਬੰਦ ਹੋ ਗਈਆਂ। ਕਈ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਲੋਕਾਂ ’ਤੇ ਪ੍ਰਭਾਵ ਪਿਆ। ਕੋਰੋਨਾ ਕਾਲ ਵਿਚ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਬੱਚਿਆਂ ਦੇ ਮਾਪਿਆਂ ਨੂੰ ਫ਼ੀਸ ਜਮ੍ਹ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ। ਕੋਰਟ ਵਿਚ ਕੇਸ ਗਿਆ, ਹਾਈ ਕੋਰਟ ਵਿਚ ਕੇਸ ਗਿਆ, ਸੁਪਰੀਮ ਕੋਰਟ ਵਿਚ ਕੇਸ ਗਿਆ। ਉਨ੍ਹਾਂ ਨੇ ਸਾਬਤ ਕਰ ਦਿਤਾ ਕਿ ਸਰਕਾਰਾਂ ਝੂਠ ਬੋਲ ਰਹੀਆਂ ਹਨ। ਮਾਪਿਆਂ ਨੂੰ ਫ਼ੀਸ ਦੇਣੀ ਪੈ ਰਹੀ ਹੈ। ਮੇਰੇ ਮੁਤਾਬਕ ਉਹ ਘਟੀਆ ਸਿਆਸਤ ਸੀ। ਲਾਕਡਾਊਣ ਲਗਾਇਆ ਗਿਆ ਉਹ ਲੋਕਾਂ ਨੇ ਤਾਂ ਨਹੀਂ ਲਗਾਇਆ। ਸਰਕਾਰ ਨੇ ਹੀ ਲਗਾਇਆ। ਸਰਕਾਰ ਨੂੰ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਸਨ ਪਰ ਸਰਕਾਰ ਰਾਜ ਭੋਗ ਰਹੀ ਹੈ। ਹੁਣ ਜਿਸ ਵਿਅਕਤੀ ਦੀ 40,000 ਹਜ਼ਾਰ ਤਨਖ਼ਾਹ ਹੈ। ਉਹ ਅਪਣੇ ਬੱਚਿਆਂ ਨੂੰ ਪੰਜਾਬ ਬੋਰਡ ਵਿਚ ਨਹੀਂ ਪੜ੍ਹਾਉਣਾ ਚਾਹੁੰਦੇ। ਉਹ ਸੀਬੀਐਸਈ ਜਾਂ ਆਈਸੀਐਸਈ ਵਿਚ ਪੜ੍ਹਾਉਣਾ ਚਾਹੁੰਦਾ ਹੈ ਪਰ ਤਨਖ਼ਾਹ ਘੱਟ ਹੋਣ ਕਰ ਕੇ ਉਹ ਤਾਂ ਅਪਣੇ ਬੱਚੇ ਨੂੰ ਕਦੇ ਵੀ ਪੜ੍ਹਾ ਨਹੀਂ ਸਕੇਗਾ। ਫਿਰ ਉਨ੍ਹਾਂ ਨੂੰ ਤਾਂ ਆਰਟੀਈ ਦਾ ਅਧਿਕਾਰ ਮਿਲਿਆ ਹੀ ਨਹੀਂ। ਉਸ ਦੇ ਸਿਰਫ਼ ਕਾਨੂੰਨ ਬਣ ਗਏ। ਕੋਈ ਵੀ ਸਕੂਲ ਆਰਟੀਈ ਦੇ ਤਹਿਤ ਸਿੱਧੇ ਬੱਚੇ ਨਹੀਂ ਭਰਤੀ ਕਰ ਸਕਦਾ। ਪਹਿਲਾਂ ਉਹ ਡੀਸੀ ਕੋਲ ਜਾਵੇਗਾ ਤੇ ਡੀਸੀ ਉਸ ਨੂੰ ਡੀਓ ਕੋਲ ਭੇਜਣਗੇ। ਡੀਓ ਸਰਕਾਰੀ ਸਕੂਲ ਕੋਲ ਭੇਜੇਗਾ। ਕੌਣ ਲਿਖ ਕੇ ਦੇਵੇਗਾ। ਪੰਜ ਸਾਲ ਤਕ ਐਮਐਲਏ ਤਨਖ਼ਾਹ, ਭੱਤੇ, ਸਕਿਊਰਟੀ ਨਾ ਲੈਣ।
ਸਵਾਲ; ਤੁਹਾਨੂੰ ਲਗਦਾ ਉਹ ਨਹੀਂ ਲੈਣਗੇ?
ਜਵਾਬ: ਫਿਰ ਡਰਾਮੇ ਤਾਂ ਨਾ ਕਰਨ ਪੰਜਾਬ ਬਚਾਉਣ ਦੇ।
ਸਵਾਲ: ਤੁਸੀਂ ਵੀ ਚੋਣਾਂ ’ਚ ਖੜੇ ਹੋ। ਆਜ਼ਾਦ ਉਮੀਦਵਾਰ ਵਜੋਂ ਤੁਸੀਂ ਵੀ ਨਾਮਜ਼ਦਗੀ ਪੱਤਰ ਭਰਿਆ। ਕੀ ਤੁਸੀਂ ਸਿਖਿਆ ਦੇ ਮਿਆਰ ਨੂੰ ਉੱਚਾ ਚੁਕਣ ਲਈ ਅੱਗੇ ਜਾਵੋਗੇ?
ਜਵਾਬ: ਮੇਰਾ ਰਾਜਨੀਤੀ ਵਿਚ ਆਉਣ ਦਾ ਮਕਸਦ ਹੈ ਕਿ ਜਿਹੜੀਆਂ ਚੋਣਾਂ ਹਨ ਉਹ ਇਕ ਇਸ ਤਰ੍ਹਾਂ ਦਾ ਪਲੇਟਫ਼ਾਰਮ ਹੈ। ਜਿਥੇ ਮੈਂ ਆਰਟੀਈ ਦਾ ਰੌਲਾ ਪਾ ਰਿਹਾ ਹੈ। ਇਥੇ ਸਾਰੇ ਲੋਕਾਂ ਗੱਲ ਸੁਣਨ ਗਏ। ਸਰਕਾਰ ਕਹਿੰਦੀ ਹੈ ਸਿਖਿਆ ਸੁਧਾਰਨੀ ਹੈ। ਚਾਰ ਕਮਰਿਆਂ ਤੇ ਦਰਵਾਜ਼ਿਆਂ ਨੂੰ ਰੰਗ ਕਰਵਾ ਕੇ ਤੁਸੀਂ ਕਹਿੰਦੇ ਹੋ ਸਕੂਲ ਸੁਧਾਰ ਦਿਤੇ। ਹਰ ਸਾਲ ਕਿੰਨੇ ਪ੍ਰਾਈਵੇਟ ਸਕੂਲ ਖੁਲ੍ਹ ਰਹੇ ਹਨ। ਮੈਨੂੰ ਦੱਸੋ ਕਿੰਨੇ ਸਰਕਾਰੀ ਸਕੂਲ ਬਣੇ ਹਨ। ਪਿਛਲੇ 20 ਸਾਲਾਂ ਵਿਚ ਕਿੰਨੇ ਸਰਕਾਰੀ ਸਕੂਲ ਬਣੇ ਹਨ।
ਸਵਾਲ: ਪਰ ਸਿਖਿਆ ਵਿਚ ਪੰਜਾਬ ਦਾ ਰੈਂਕ ਅੱਗੇ ਆਇਆ।
ਜਵਾਬ: ਉਹ ਪ੍ਰਾਈਵੇਟ ਸਕੂਲਾਂ ਕਰ ਕੇ ਆਇਆ।
ਸਵਾਲ: ਤੁਹਾਡੇ ਮੁਤਾਬਕ ਸਰਕਾਰੀ ਸਕੂਲਾਂ ਦਾ ਕੋਈ ਰੋਲ ਨਹੀਂ?
ਜਵਾਬ: ਮੇਰੇ ਮੁਤਾਬਕ ਪ੍ਰਾਈਵੇਟ ਇੰਸਟੀਚਿਊਟ ਦਾ ਬੜਾ ਰੋਲ ਹੈ। ਪ੍ਰਾਈਵੇਟ ਇੰਸਟੀਚਿਊਟ ਵਿਚ ਲਗਭਗ 100 ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ।
ਸਵਾਲ: ਤੁਸੀਂ ਕਹਿੰਦੇ ਹੋ ਮੈਂ ਵੋਟ ਨਹੀਂ ਮੰਗਦਾ। ਮੈਂ ਪਲੇਟਫ਼ਾਰਮ ਚੁਣਿਆ ਜਿਸ ਰਾਹੀਂ ਮੈਂ ਲੋਕਾਂ ਨੂੰ ਆਰਟੀਈ ਬਾਰੇ ਜਾਗਰੂਕ ਕਰ ਸਕਾਂ ਜਾਂ ਅਪਣੇ ਨਾਲ ਜੋੜ ਸਕਾਂ। ਜੇ ਵੋਟਾਂ ਤੋਂ ਪਰੇ ਹੱਟ ਕੇ ਗੱਲ ਕਰੀਏ ਤਾਂ ਤੁਸੀਂ ਕਿਵੇ ਲੋਕਾਂ ਤਕ ਅਪਣੀ ਗੱਲ ਪਹੁੰਚਾ ਸਕਦੇ ਹੋ।
ਜਵਾਬ: ਜੇ ਆਪਾਂ ਕਦਮ ਨਹੀਂ ਚੁਕਾਂਗੇ ਤਾਂ ਕੁੱਝ ਨਹੀਂ ਹੋਵੇਗਾ। ਲੋਕ ਇਸ ਸਾਲ ਨਹੀਂ ਸਮਝਨਗੇ ਅਗਲੇ ਸਾਲ ਸਮਝ ਜਾਣਗੇ। ਮੇਰੇ ਨਾਲ ਕੋਈ ਵੀ ਪਾਰਟੀ ਬਹਿਸ ਕਰ ਲਵੇ। ਅਕਾਲੀ ਦਲ, ਆਪ ਜਾਂ ਕਾਂਗਰਸ ਕੋਈ ਵੀ ਆ ਜਾਵੇ ਤੇ ਦਸਣ ਵੀ ਪ੍ਰਾਈਵੇਟ ਸਕੂਲਾਂ ਦੀ ਕਿੰਨੀ ਕੁ ਮਦਦ ਕੀਤੀ ਹੈ। ਅੱਗੇ ਕਿਹਾ ਸੀ 95 ਫ਼ੀ ਸਦੀ ਸਰਕਾਰ ਏਡ ਕਰਦੀ ਸੀ। 5-10 ਫ਼ੀ ਸਦੀ ਲੋਕਾਂ ਤੋਂ ਫ਼ੀਸ ਲਈ ਜਾਂਦੀ ਸੀ। ਫਿਰ ਉਹ ਏਡ ਸਕੂਲ 1,2 ਜਾਂ 5 ਰੁਪਏ ਫ਼ੀਸ ਲੈਂਦੇ ਸੀ।
ਸਵਾਲ: ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪ੍ਰਾਈਵੇਟ ਸਕੂਲਾਂ ਵਿਚ ਸਰਕਾਰ ਫ਼ੰਡ ਨਹੀਂ ਦਿੰਦੀ ਅਤੇ ਬੱਚਿਆਂ ਨੂੰ ਸੀਟ ਨਹੀਂ ਮਿਲਦੀ। ਤੁਸੀਂ ਖ਼ੁਦ ਪ੍ਰਾਈਵੇਟ ਸਕੂਲ ਦੇ ਪਿ੍ਰੰਸੀਪਲ ਹੋ ਤੁਸੀਂ ਤਾਂ ਆਵਾਜ਼ ਚੁੱਕੀ ਪਰ ਹੋਰ ਪ੍ਰਾਈਵੇਟ ਸਕੂਲ ਤੁਹਾਨੂੰ ਲਗਦਾ ਹੈ ਚਾਹੁੰਦੇ ਹੋਣਗੇ ਕਿ ਬੱਚੇ ਆਉਣ।
ਜਵਾਬ: ਦੂਜੇ ਪ੍ਰਾਈਵੇਟ ਸਕੂਲ ਡਰਦੇ ਹਨ। ਉਹ ਕਹਿੰਦੇ ਹਨ ਕਿ ਜਿਹੜੇ ਸਰਕਾਰੀ ਅਧਿਆਪਕ ਹਨ ਉਨ੍ਹਾਂ ਨੂੰ ਕਈ ਵਾਰ 4-4 ਮਹੀਨੇ ਤਨਖ਼ਾਹ ਨਹੀਂ ਮਿਲਦੀ। ਮੇਰੇ ਕੋਲ ਸਰਕਾਰੀ ਅਧਿਆਪਕਾਂ ਦੇ ਬੱਚੇ ਪੜ੍ਹਦੇ ਹਨ। ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲਦੀਆਂ। ਉਹ ਵੋਟ ਨਾ ਪਾਉਣ ਮੇਰੇ ਨਾਲ ਜੁੜਨ। ਮੈਂ ਕਹਿੰਦਾ ਹਾਂ ਕਿ ਐਮਐਲਏ ਨੂੰ ਤਨਖ਼ਾਹ ਨਹੀਂ ਮਿਲੇਗੀ ਤੁਹਾਨੂੰ ਮੈਂ ਤਨਖ਼ਾਹ ਦਿਵਾਵਾਂਗਾ।
ਸਵਾਲ: ਕਿਵੇਂ?
ਜਵਾਬ: ਬਹੁਤ ਰਸਤੇ ਨੇ।
ਸਵਾਲ: ਉਦਾਹਰਣ
ਜਵਾਬ: ‘ਝੁਕਦੀ ਹੈ ਦੁਨੀਆਂ ਝੁਕਾਉਣ ਵਾਲਾ ਚਾਹੀਦਾ।’ ਇਹ ਗਾਣਾ ਹੈ। ਇਸ ਗਾਣੇ ਨੇ ਵੀ ਮੇਰੀ ਹੌਂਸਲਾ ਅਫ਼ਜ਼ਾਈ ਕੀਤੀ ਕਿ ਝੁਕਾਉਣ ਵਾਲਾ ਚਾਹੀਦਾ ਆਪੇ ਝੁਕਣਗੇ।
ਸਵਾਲ: ਬੜੀ ਹੀ ਪਾਜ਼ੇਟਿਵਟੀ ਨਾਲ ਤੁਸੀਂ ਅੱਗੇ ਵਧੇ ਹੋ। ਉਮੀਦ ਹੈ ਜਿਹੜੀ ਲਹਿਰ ਤੁਸੀਂ ਲੈ ਕੇ ਤੁਰੇ ਹੋ ਲੋਕ ਜ਼ਰੂਰ ਜੁੜਨਗੇ। ਆਖ਼ਰ ਵਿਚ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ।
ਜਵਾਬ: ਜਿਹੜਾ ਸਾਡਾ ਸਮਾਜ ਹੈ ਉਸ ਵਿਚ ਸਿਖਿਆ ਦਾ ਬੜਾ ਵੱਡਾ ਯੋਗਦਾਨ ਹੈ। ਅਸੀਂ ਲੋਕਤੰਤਰ ਵਿਚ ਰਹਿੰਦੇ ਹਾਂ। ਅਪਣੀ ਵੋਟ ਦਾ ਜੋ ਅਧਿਕਾਰ ਤੁਹਾਨੂੰ ਮਿਲਿਆ ਹੈ ਉਸ ਦਾ ਇਸਤੇਮਾਲ ਜ਼ਰੂਰ ਕਰੋ। ਜਾਤ-ਪਾਤ, ਬਰਾਦਰੀ ਤੇ ਧਰਮ ਦੇ ਨਾਂ ਤੇ ਵੋਟ ਨਾ ਪਾਉ। ਇਹ ਤੁਹਾਨੂੰ ਵੰਡੇਗੀ। ਤੁਹਾਨੂੰ ਸ਼ਾਂਤੀ ਵਿਚ ਨਹੀਂ ਰਹਿਣ ਦੇਵੇਗੀ। ਤੁਸੀਂ ਲੜੋਗੇ। ਸਿਆਸਤ ਹੋਵੇਗੀ। ਉਮੀਦਵਾਰ ਦੀ ਜਾਤ-ਪਾਤ ਵੇਖ ਕੇ ਨਾ ਵੋਟ ਪਾਉਣਾ ਉਸ ਦੇ ਕੰਮ ਵੇਖ ਕੇ ਵੋਟ ਪਾਉਣਾ।
ਸਵਾਲ: ਵੋਟਰਾਂ ਨੂੰ ਕੋਈ ਸਵਾਲ ਦੇਣਾ ਚਾਹੋਗੇ ਕਿ ਜਦੋਂ ਕਈ ਸਿਆਸਤਦਾਨ ਵੋਟ ਮੰਗਣ ਆਉਣ ਤਾਂ ਉਹ ਉਨ੍ਹਾਂ ਨੂੰ ਉਹ ਸਵਾਲ ਪੁੱਛ ਸਕਣ।
ਜਵਾਬ: ਉਨ੍ਹਾਂ ਨੂੰ ਟ੍ਰੇਨਿੰਗ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਕਿਵੇਂ ਕਿਸੇ ਨੂੰ ਬੇਵਕੂਫ਼ ਬਣਾਉਣਾ ਹੈ। ਦਿੱਲੀ ਮਾਡਲ ਪੰਜਾਬ ਵਿਚ ਲਾਗੂ ਨਹੀਂ ਹੋ ਸਕਦਾ। ਪੰਜਾਬ ਵਿਚ ਪੰਜਾਬ ਬੋਰਡ ਹੈ। ਦਿੱਲੀ ਵਿਚ ਸੀਬੀਐਸਈ ਬੋਰਡ ਹੈ ਚਾਹੇ ਉਹ ਸਰਕਾਰੀ ਸਕੂਲ ਹੋਵੇ ਜਾਂ ਪ੍ਰਾਈਵੇਟ। ਜੇ ਉਹ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨਗੇ ਫਿਰ ਉਹ ਪੰਜਾਬ ਬੋਰਡ ਦਾ ਕੀ ਕਰਨਗੇ? ਤੁਸੀਂ ਪੰਜਾਬ ਬੋਰਡ ਬੰਦ ਕਰ ਦੇਵੋਗੇ। ਫਿਰ ਉਥੋਂ ਦੇ ਕਰਮਚਾਰੀ ਕੀ ਕਰਨਗੇ?