
ਪੰਜਾਬ ਦੇ ਡੀਜੀਪੀ ਨੂੰ ਲਿਖੀ ਕਾਰਵਾਈ ਲਈ ਚਿੱਠੀ ਅਤੇ ਏਡੀਜੀਪੀ ਨੂੰ ਦਿੱਤੇ ਵੈੱਬਸਾਈਟਾਂ ਬੰਦ ਕਰਨ ਦੇ ਹੁਕਮ
ਚੰਡੀਗੜ੍ਹ(ਸੁਮਿਤ ਸਿੰਘ) : ਪੰਜਾਬ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਸਿਆਸੀ ਹਲਚਲ ਹਮੇਸ਼ਾ ਤੇਜ਼ ਰਹੀ ਹੈ ਪਰ ਜਿਹੜਾ ਖ਼ੁਲਾਸਾ ਇਸ ਵਾਰ ਸਾਹਮਣੇ ਆਇਆ ਹੈ ਉਸ ਵਿੱਚ ਪੰਜਾਬ ਨੂੰ ਕਰੋੜਾਂ ਤੱਕ ਦਾ ਚੂਨਾ ਵਿਦੇਸ਼ ਤੋਂ ਚੱਲ ਰਹੀਆਂ ਨਕਲੀ ਵੈੱਬਸਾਈਟਾਂ ਨੇ ਲਾਇਆ ਹੈ ਜਿਸ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਵਿਭਾਗ ਨੇ ਜਾਂਚ ਕਰ ਡੀਜੀਪੀ ਨੂੰ ਕਾਰਵਾਈ ਲਈ ਭੇਜਿਆ ਹੈ। ਜਿਸ ਵਿੱਚ ਨਕਲੀ ਪਰਚੀਆਂ ਕੱਢ ਕੇ ਰੇਤੇ ਦੀ ਢੋਆ ਢੁਆਈ ਹੋ ਰਹੀ ਸੀ ਅਤੇ ਜਲੰਧਰ ਦੇ ਵਿੱਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਜਾਂਚ ਦਾ ਘੇਰਾ ਵਧਾ ਦਿੱਤਾ ਹੈ।
ਮਾਈਨਿੰਗ ਵਿਭਾਗ ਨਾਲ ਜੁੜਿਆ ਇਹ ਮਾਮਲੇ ਦਾ ਖ਼ੁਲਾਸਾ ਕਰਦੀਆਂ ਰਿਪੋਰਟਾਂ ਦੇ ਵਿੱਚ ਸਾਫ਼ ਤੌਰ ਤੇ ਜਾਂਚ ਪੜਤਾਲ ਲਿਖੀ ਗਈ ਹੈ ਕਿ ਪੰਜਾਬ ਸਰਕਾਰ ਦੀ ਮਾਈਨਿੰਗ ਵੈੱਬਸਾਈਟ ਦੇ ਨਾਮ ਦੇ ਨਾਲ ਮਿਲਦੀਆਂ ਹੋਈਆਂ ਦੱਸ ਤੋ ਜ਼ਿਆਦਾ ਵੈੱਬਸਾਈਟਾਂ ਰਜਿਸਟਰ ਕਰਵਾਈਆਂ ਹੋਈਆਂ ਸਨ ਜਿਵੇਂ ਕਿ ਸਰਕਾਰ ਦੀ ਕੋਈ ਵੀ ਵੈੱਬਸਾਈਟ ਹੋਵੇ ਉਹ ਅੰਤ ਵਿੱਚ .gov.in ਨਾਲ ਖ਼ਤਮ ਹੁੰਦੀ ਹੈ ਪਰ ਇਹ ਸਾਈਟਾਂ .in ਜਾ.com ਨਾਲ ਬਣਿਆ ਹਨ ਜਿਵੇਂ ਆਮ ਨਿੱਜੀ ਵੈੱਬਸਾਈਟਾਂ ਲੋਕ ਚਲਾਉਂਦੇ ਹਨ।ਜਿਹੜੀਆਂ ਸਿੰਘਾਪੁਰ ਤੋਂ ਆਪਰੇਟ ਕੀਤੀਆਂ ਜਾ ਰਹੀਆਂ ਸੀ। ਇਸ ਬਾਰੇ ਵਿਭਾਗ ਦੇ ਮੰਤਰੀ ਬਰਿੰਦਰ ਗੋਇਲ ਦੇ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮਾਮਲਾ ਜਲੰਧਰ ਦੇ ਵਿੱਚ ਸਾਹਮਣੇ ਆਇਆ ਸੀ ਜਿਸ ਦੀ ਜਾਂਚ ਕੀਤੀ ਗਈ ਤਾਂ ਉਹ ਟਰੱਕ ਦੇ ਕੋਲੋਂ ਬਰਾਮਦ ਕੀਤੀਆਂ ਪਰਚੀਆਂ ਨਕਲੀ ਪਾਈਆਂ ਗਈਆਂ ਜਿਹੜੀਆਂ ਕਿ ਮੋਗੇ ਤੋਂ ਚਲੀਆਂ ਸਨ ਜਿਸ ਸਬੰਧੀ ਪੁਲਿਸ ਕੋਲ ਮਾਮਲਾ ਵੀ ਕਰਵਾਇਆ ਗਿਆ।
ਜਿਸ ਦੀ ਪੜਤਾਲ ਪਹਿਲਾਂ ਚੀਫ਼ ਇੰਜੀਨੀਅਰ ਦੇ ਕੋਲੋਂ ਕਰਵਾਈ ਗਈ ਤਾਂ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਸਿੰਘਾਪੁਰ ਤੋਂ ਆਪਰੇਟ ਹੋ ਰਹੀਆਂ ਇਹ ਵੈੱਬਸਾਈਟਾਂ ਸਰਕਾਰ ਨੂੰ ਮੋਟਾ ਚੂਨਾ ਲਾ ਰਹੀਆਂ ਹਨ ਜਿਨਾਂ ਦੇ ਵਿੱਚ ਢੰਗ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਪਰਚੀ ਸਰਕਾਰੀ ਵੈੱਬਸਾਈਟ ਤੋਂ ਨਿਕਲਦੀ ਸੀ ਤਾਂ ਉਸੇ ਸਮੇਂ ਦੇ ਦੌਰਾਨ ਨਕਲੀ ਵੈੱਬਸਾਈਟਾਂ ਤੋਂ ਵੀ ਉਹ ਪਰਚੀ ਜਨਰੇਟ ਹੋ ਜਾਂਦੀ ਸੀ ਅਤੇ ਕਿਊ ਆਰ ਕੋਡ ਬਣਾ ਦਿੰਦੀ ਸੀ ਜਿਸ ਤੋਂ ਬਾਅਦ ਨਕਲੀ ਪਰਚੀ ਦੇ ਉੱਤੇ ਰੇਤ ਦੀ ਢੋਆ ਢੁਆਈ ਸ਼ੁਰੂ ਹੋ ਜਾਂਦੀ ਸੀ ਜਿਵੇਂ ਕਿ ਇੱਕ ਪਰਚੀ ਦੇ ਉੱਤੇ ਸਮਾਂ ਹੁੰਦਾ ਹੈ ਕੀ ਕਿੰਨੇ ਸਮੇਂ ਦੇ ਵਿੱਚ ਰੇਤ ਲੈ ਕੇ ਟਰੱਕ ਜਾਂ ਕੋਈ ਵੀ ਵਹੀਕਲ ਇੱਕ ਥਾਂ ਤੋਂ ਦੂਜੇ ਥਾਂ ਤੱਕ ਪਹੁੰਚ ਸਕਦਾ ਹੈ ਪਰ ਉਸ ਪਰਚੀ ਦੇ ਉੱਤੇ ਨਿਸ਼ਚਿਤ ਸਮੇਂ ਤੋਂ ਕਿਤੇ ਜ਼ਿਆਦਾ ਸਮਾਂ ਵਧਾ ਕੇ ਦਰਜ ਕੀਤਾ ਜਾਂਦਾ ਸੀ ਤਾਂ ਕਿ ਇੱਕ ਪਰਚੀ ਦੇ ਨਾਲ ਹੀ ਢੋਆ ਢੁਆਈ ਲਗਾਤਾਰ ਚਲਦੀ ਰਹੇ।
ਮੰਤਰੀ ਬਰਿੰਦਰ ਗੋਇਲ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ 6 ਜਨਵਰੀ ਨੂੰ ਸਾਹਮਣੇ ਆਏ ਪਹਿਲੇ ਇਸ ਮਾਮਲੇ ਤੋਂ ਬਾਅਦ ਬਾਕੀ ਜਗ੍ਹਾ ਦੇ ਉੱਤੇ ਵੀ ਜਾਂਚ ਕਰਵਾਈ ਗਈ ਜਿਸ ਤੋਂ ਬਾਅਦ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਜਦੋਂ ਰਿਪੋਰਟ ਪਹੁੰਚੀ ਤਾਂ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਪੰਜਾਬ ਦੇ ਡੀਜੀਪੀ ਨੂੰ ਕਾਰਵਾਈ ਹਿੱਤ ਲਈ ਭੇਜਿਆ ਅਤੇ ਡੀਜੀਪੀ ਗੌਰਵ ਯਾਦਵ ਨੇ ਵੀ ਬਿਨਾਂ ਦੇਰੀ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਸਬਰ ਕਰਾਇਮ ਨੂੰ ਦਿੱਤੀ ਅਤੇ ਏਡੀਜੀਪੀ ਨੂੰ ਵੀ ਹੁਕਮ ਜਾਰੀ ਕੀਤੇ ਗਏ ਕਿ ਤੁਰੰਤ ਪ੍ਰਭਾਵ ਦੇ ਨਾਲ ਇਹਨਾਂ ਵੈੱਬਸਾਈਟਾਂ ਨੂੰ ਬੰਦ ਕਰਨ ਦੀ ਤਿਆਰੀ ਕੀਤੀ ਜਾਵੇ।
ਹੁਣ ਇਹਨਾਂ ਵੈੱਬਸਾਈਟਾਂ ਬਾਰੇ ਜਾਂਚ ਪੜਤਾਲ ਖੋਲੀ ਗਈ ਹੈ ਕਿ ਆਖ਼ਰ ਕਿੰਨਾ ਲੋਕਾਂ ਦੇ ਵੱਲੋਂ ਇਹ ਵੈੱਬਸਾਈਟਾਂ ਚਲਾਈਆਂ ਜਾ ਰਹੀਆਂ ਸਨ ਅਤੇ ਇਹ ਪੁੱਛਣ ਤੇ ਕੀ ਵਿਭਾਗ ਦੇ ਮੁਲਾਜ਼ਮ ਅਧਿਕਾਰੀ ਵੀ ਇਸ ਵਿੱਚ ਸ਼ਾਮਿਲ ਹੋ ਸਕਦੇ ਹਨ ਤਾਂ ਮੰਤਰੀ ਬਰਿੰਦਰ ਗੋਇਲ ਦਾ ਕਹਿਣਾ ਸੀ ਕਿ ਜਾਂਚ ਪੂਰੀ ਹੋਣ ਤੇ ਇਹ ਸਪਸ਼ਟ ਹੋਵੇਗਾ ਕਿ ਆਖ਼ਰ ਕੌਣ ਲੋਕ ਸੀ ਜਿਹੜੇ ਇੰਨੀ ਵੱਡੀ ਕਰੋੜਾਂ ਦੀ ਠੱਗੀ ਪੰਜਾਬ ਦੇ ਨਾਲ ਕਰ ਰਹੇ ਸਨ ਪਰ ਉਨ੍ਹਾਂ ਨੇ ਦ੍ਰਿੜਤਾ ਦਿਖਾਈ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਪੰਜਾਬ ਭਰ ਦੇ ਵਿੱਚ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਕਰ ਰੇਤੇ ਦੀ ਢੋਆ ਢੁਆਈ ਦੇ ਉੱਤੇ ਕੋਈ ਸ਼ੱਕ ਹੁੰਦਾ ਹੈ ਤਾਂ ਨਾਜੁਕਤਾ ਦੇ ਨਾਲ ਉਸ ਦੀ ਜਾਂਚ ਕੀਤੀ ਜਾਵੇ ਤਾਂ ਕਿ ਜੇਕਰ ਕਿਤੇ ਕੋਈ ਠੱਗੀ ਹੋ ਰਹੀ ਹੈ ਤਾਂ ਉਸ ਨੂੰ ਕਾਰਵਾਈ ਦੇ ਦਾਇਰੇ ਦੇ ਹੇਠ ਲਿਆਉਂਦਾ ਜਾਵੇ ਕਿਉਂਕਿ ਮੰਤਰੀ ਦਾ ਸਪਸ਼ਟ ਰੂਪ ਦੇ ਵਿੱਚ ਕਹਿਣਾ ਸੀ ਕਿ ਪੰਜਾਬ ਨੂੰ ਅੱਗੇ ਵਧਾਉਣ ਨੂੰ ਲੈ ਕੇ ਅਤੇ ਮਾਈਨਿੰਗ ਵਰਗੇ ਵੱਡੇ ਮਸਲਿਆਂ ਦੇ ਵਿੱਚ ਜਿਸ ਤਰਾਂ ਦੇ ਨਾਲ ਹੁਣ ਤੱਕ ਜੋ ਹੁੰਦਾ ਆਇਆ ਹੈ ਉਹ ਭਵਿੱਖ ਦੇ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ ਤਾਂ ਕਿ ਪੰਜਾਬ ਦੇ ਮਾਲੀਏ ਦਾ ਨੁਕਸਾਨ ਨਾ ਹੋਵੇ।