
ਪਿੰਡ ਦੇ ਹੀ ਵਿਅਕਤੀ 'ਤੇ ਕਤਲ ਦੇ ਇਲਜ਼ਾਮ
ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਸ਼ਹੂਰ ਵਿੱਚ ਪੰਚਾਇਤ ਵੱਲੋਂ ਬਣਾਈ ਜਾ ਰਹੀ ਗਲੀ ਨੂੰ ਲੈ ਕੇ ਵਿਵਾਦ ਹੋਇਆ। ਵਿਵਾਦ ਦੌਰਾਨ ਪਿੰਡ ਦੇ ਹੀ ਵਿਅਕਤੀ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਭਰਾ ਨੂੰ ਘੇਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਪੰਚਾਇਤ ਵੱਲੋਂ ਬਣਾਈ ਜਾ ਰਹੀ ਗਲੀ ਨੂੰ ਲੈਕੇ ਹੋਵੇ ਵਿਵਾਦ ਤੋਂ ਬਾਅਦ ਪਿੰਡ ਦੇ ਇਕ ਵਿਅਕਤੀ ਲਵਪ੍ਰੀਤ ਸਿੰਘ ਫੌਜੀ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਛੋਟੇ ਭਰਾ ਨਿਰਮਲ ਸਿੰਘ ਨੂੰ ਰਸਤੇ ਵਿੱਚ ਕਲਾਨੌਰ ਦੀ ਗਊਸ਼ਾਲਾ ਨੇੜੇ ਘੇਰ ਕੇ ਗੋਲੀਆਂ ਮਾਰੀਆਂ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨਿਰਮਲ ਸਿੰਘ ਦੇ ਚਚੇਰੇ ਭਰਾ ਮੋਹਨ ਸਿੰਘ ਨੇ ਦੱਸਿਆ ਕਿ ਉਹਨਾ ਦਾ ਵੱਡਾ ਭਰਾ ਪਿੰਡ ਸ਼ਹੁਰ ਖੁਰਦ ਦਾ ਸਰਪੰਚ ਹੈ ਅਤੇ ਉਨ੍ਹਾਂ ਨੇ ਪਿੰਡ ਵਿੱਚ ਇੱਕ ਗਲੀ ਬਣਾ ਰਹੇ ਸਨ ਇਸ ਗਲੀ ਨੂੰ ਪਿੰਡ ਦਾ ਹੀ ਇੱਕ ਵਿਅਕਤੀ ਲਵਪ੍ਰੀਤ ਸਿੰਘ ਫੌਜੀ ਰੋਕਦਾ ਸੀ ਜਿਸ ਨੂੰ ਲੈ ਕੇ ਉਹਨਾਂ ਦੀ ਰੰਜਿਸ਼ ਚੱਲ ਰਹੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸੇ ਰੰਜਿਸ਼ ਦੇ ਤਹਿਤ ਫੌਜੀ ਨੇ ਸਰਪੰਚ ਦੇ ਭਰਾ ਨਿਰਮਲ ਸਿੰਘ ਨੂੰ ਕਲਾਨੌਰ ਦੀ ਗਊਸ਼ਾਲਾ ਦੇ ਨੇੜੇ ਘੇਰ ਕੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਨਿਰਮਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਕਾਬੂ ਕੀਤਾ ਜਾਵੇ।
ਪੁਲਿਸ ਅਧਿਕਾਰੀ ਯੁਗਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਅਧਿਕਾਰੀ ਨੇ ਕਿਹਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।