
ਡੀ.ਸੀ. ਨੂੰ ਸੌਂਪੀ ਰਿਪੋਰਟ ਵਿਚ ਕਿਹਾ, ‘ਨਗਰ ਨਿਗਮ ਦੇ ਅਧਿਕਾਰੀ ਨਿਯਮਾਂ ਨੂੰ ਲਾਗੂ ਕਰਨ 'ਚ ਪੂਰੀ ਤਰ੍ਹਾਂ ਅਸਫ਼ਲ ਰਹੇ’
The truth behind the collapse of a 3-storey building in Mohali has come to light Latest News in Punjabi : ਮੋਹਾਲੀ ਦੇ ਪਿੰਡ ਸੋਹਾਣਾ 'ਚ ਬੀਤੀ 21 ਦਸੰਬਰ ਨੂੰ 3 ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਇਕ ਨੌਜਵਾਨ ਅਤੇ ਕੁੜੀ ਦੀ ਮੌਤ ਦੇ ਮਾਮਲੇ ਦੀ ਰਿਪੋਰਟ ਐਸ.ਡੀ.ਐਮ. ਵਲੋਂ ਤਿਆਰ ਕਰ ਕੇ ਡੀ.ਸੀ. ਨੂੰ ਸੌਂਪ ਦਿਤੀ ਗਈ ਹੈ। ਐਸ.ਡੀ.ਐਮ. ਨੇ ਕਰੀਬ 16 ਪੰਨਿਆਂ ਦੀ ਜਾਂਚ ਰਿਪੋਰਟ ਤਿਆਰ ਕਰ ਕੇ ਡੀ.ਸੀ ਆਸ਼ਿਕਾ ਜੈਨ ਨੂੰ ਸੌਂਪ ਦਿਤੀ ਹੈ। ਜਾਣਕਾਰੀ ਅਨੁਸਾਰ ਇਸ 16 ਪੰਨਿਆਂ ਦੀ ਜਾਂਚ ਰਿਪੋਰਟ ’ਚ ਕਈ ਅਧਿਕਾਰੀਆਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਦੀ ਗੱਲ ਸਾਹਮਣੇ ਆਈ ਹੈ। ਅਜਿਹੇ 'ਚ ਇਨ੍ਹਾਂ ਅਧਿਕਾਰੀਆਂ ’ਤੇ ਗਾਜ਼ ਡਿੱਗਣਾ ਤਾਂ ਤੈਅ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਡੀ.ਸੀ. ਆਸ਼ਿਕਾ ਜੈਨ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿਤੇ ਸੀ ਅਤੇ ਜਾਂਚ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ) ਦਮਨਦੀਪ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਸੀ। ਇੱਥੇ ਦਸ ਦਈਏ ਕਿ ਸਥਾਨਕ ਪ੍ਰਸ਼ਾਸਨ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਇਹ ਇਮਾਰਤ ਬਿਨਾਂ ਕਿਸੇ ਪ੍ਰਵਾਨਤ ਇਮਾਰਤ ਯੋਜਨਾ ਦੇ ਬਣਾਈ ਗਈ ਸੀ।
ਇਸ ਤੋਂ ਇਲਾਵਾ ਇਮਾਰਤ ਦੇ ਮਾਲਕਾਂ ਨੇ ਨਾਲ ਲੱਗਦੇ ਪਲਾਟ ’ਚ ਬੇਸਮੈਂਟ ਖੋਦਣ ਲਈ ਕੋਈ ਇਜਾਜ਼ਤ ਨਹੀਂ ਲਈ ਸੀ, ਜਿਸ ਕਾਰਨ ਜ਼ਮੀਨ ਖ਼ਿਸਕ ਗਈ ਅਤੇ ਤਿੰਨ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਸੀ । ਐਸ.ਡੀ.ਐਮ. ਵਲੋਂ ਤਿਆਰ ਕੀਤੀ ਗਈ ਜਾਂਚ ਰਿਪੋਰਟ 'ਚ ਇਹ ਵੀ ਗੱਲ ਸਾਹਮਣੇ ਆਈ ਕਿ ਨਗਰ ਨਿਗਮ ਦੇ ਅਧਿਕਾਰੀ ਨਿਯਮਾਂ ਨੂੰ ਲਾਗੂ ਕਰਨ 'ਚ ਪੂਰੀ ਤਰ੍ਹਾਂ ਅਸਫ਼ਲ ਰਹੇ। ਜਾਂਚ 'ਚ ਕਈ ਨਿਗਮ ਅਧਿਕਾਰੀਆਂ ਦੇ ਨਾਂ ਵੀ ਦਸੇ ਗਏ ਹਨ। ਜਿਨ੍ਹਾਂ 'ਤੇ ਛੇਤੀ ਹੀ ਗਾਜ਼ ਡਿੱਗ ਸਕਦੀ ਹੈ। ਜਦਕਿ ਸੈਕਟਰ-118 ਟੀ.ਡੀ.ਆਈ. ਸ਼ੋਅਰੂਮ ਢਹਿ ਜਾਣ ਦੇ ਮਾਮਲੇ 'ਚ ਵੀ ਐਸ.ਡੀ.ਐਮ. ਵਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਵੀ ਤਿਆਰ ਕਰ ਲਈ ਗਈ ਹੈ। ਇਸ ਨੂੰ ਛੇਤੀ ਹੀ ਡੀ.ਸੀ. ਨੂੰ ਸੌਂਪਿਆ ਜਾਵੇਗਾ। ਦਸ ਦਈਏ ਕਿ ਸੈਕਟਰ-118 'ਚ ਨਿਰਮਾਣ ਅਧੀਨ ਸ਼ੋਅਰੂਮ ਦੀ ਛੱਤ ਡਿੱਗਣ ਦੀ ਸ਼ੁਰੂਆਤੀ ਜਾਂਚ ’ਚ ਠੇਕੇਦਾਰ ਨੂੰ ਮੁਲਜ਼ਮ ਪਾਇਆ ਗਿਆ ਹੈ। 13 ਜਨਵਰੀ ਨੂੰ ਵਾਪਰੇ ਇਸ ਹਾਦਸੇ 'ਚ ਇਕ 32 ਸਾਲਾ ਮਜ਼ਦੂਰ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ ਸੀ।
ਐਸ.ਡੀ.ਐਮ. ਵਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਅਨੁਸਾਰ ਇਮਾਰਤ ਦੇ ਮਾਲਕਾਂ ਨੇ ਬਿਨਾਂ ਇਜਾਜ਼ਤ ਦੇ ਨੇੜਲੇ ਪਲਾਟ 'ਤੇ ਬੇਸਮੈਂਟ ਦੀ ਖੁਦਾਈ ਸ਼ੁਰੂ ਕਰ ਦਿਤੀ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੋਹਾਣਾ ਪਿੰਡ 'ਚ ਵੀ ਅਜਿਹੀਆਂ ਕਈ ਗ਼ੈਰ-ਕਾਨੂੰਨੀ ਉਸਾਰੀਆਂ ਸਾਹਮਣੇ ਆਈਆਂ ਹਨ। ਦਸ ਦਈਏ ਕਿ ਇਸ ਹਾਦਸੇ 'ਚ ਹਿਮਾਚਲ ਪ੍ਰਦੇਸ਼ ਦੀ ਦ੍ਰਿਸ਼ਟੀ ਵਰਮਾ (20) ਅਤੇ ਅੰਬਾਲਾ ਦੇ ਅਭਿਸ਼ੇਕ ਧਨਵਾਲ (30) ਦੀ ਮੌਤ ਹੋ ਗਈ ਸੀ।
ਸੋਹਾਣਾ 'ਚ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਨਗਰ ਨਿਗਮ ਨੇ ਗ਼ੈਰ-ਕਾਨੂੰਨੀ ਉਸਾਰੀਆਂ ਵਿਰੁਧ ਸਖ਼ਤ ਕਾਰਵਾਈ ਸ਼ੁਰੂ ਕਰ ਦਿਤੀ ਹੈ। ਨਿਗਮ ਕਮਿਸ਼ਨਰ ਨੇ 80 ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਨੋਟਿਸ 'ਚ ਇਮਾਰਤ ਮਾਲਕਾਂ ਨੂੰ 15 ਦਿਨਾਂ ਦੇ ਅੰਦਰ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਅਤੇ ਨੋ-ਅਬਜੈਕਸ਼ਨ ਸਰਟੀਫ਼ਿਕੇਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿਤੇ ਹਨ। ਜੇ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਸਬੰਧਤ ਇਮਾਰਤ/ਇਮਾਰਤਾਂ ਦੇ ਪਲਾਟ ਨੂੰ ਜ਼ਬਤ ਕਰਨ ਜਾਂ ਗ਼ੈਰ-ਕਾਨੂੰਨੀ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਕੀਤੀ ਜਾਵੇਗੀ।