
ਸਿਮਰਨ ਕੌਰ ਦੀਆਂ ਗੱਲਾਂ ਸੁਣ ਛਿੜ ਜਾਵੇਗੀ ਤੁਹਾਡੀ ਰੂਹ ਨੂੰ ਕੰਬਣੀ
‘ਜੇ ਸਾਡੀ ਖੇਤੀ ਚਲੀ ਗਈ ਤਾਂ ਸਾਡੀ ਰੋਜ਼ੀ ਰੋਟੀ ਵੀ ਚਲੀ ਜਾਵੇਗੀ’
ਨਵੀਂ ਦਿੱਲੀ, 11 ਮਾਰਚ (ਸੁਰਖਾਬ ਚੰਨ): ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਬਿਲਾਂ ਵਿਰੁਧ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਉਥੇ ਹੀ ਅੱਜ ਕਿਸਾਨ ਫ਼ਰੀਦਕੋਟ ਤੋਂ ਕਿਸਾਨੀ ਸੰਘਰਸ਼ ਵਿਚ ਪੁੱਜੀ 11ਵੀਂ ਜਮਾਤ ਵਿਚ ਪੜ੍ਹਦੀ ਸਿਮਰਨਜੋਤ ਕੌਰ ਨੇ ਬੜੀ ਬੇਬਾਕੀ ਨਾਲ ਸਰਕਾਰ ਅਤੇ ਖੇਤੀ ਕਾਲੇ ਕਾਨੂੰਨਾਂ ਬਾਰੇ ਗੱਲਾਂ ਕੀਤੀਆਂ।
ਸਿਮਰਨ ਨੇ ਕਿਹਾ ਕਿ ਜਦੋਂ ਵੋਟਾਂ ਤੋਂ ਪਹਿਲਾਂ ਸਰਕਾਰਾਂ ਸਾਡੇ ਕੋਲ ਆਉਂਦੀਆਂ ਹਨ ਕਿ ਸਾਨੂੰ ਵੋਟਾਂ ਦਿਉ ਤੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਪਰ ਜਿੱਤਣ ਤੋਂ ਬਾਅਦ ਕਿਸੇ ਨੂੰ ਨੌਕਰੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀਆਂ ਗੱਪਾਂ ਵਿਚ ਆ ਜਾਂਦੇ ਹਾਂ ਤੇ ਗੱਪ ਅਸੀਂ ਪਚਾ ਵੀ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜ਼ਿਆਦਾ ਜਾ ਰਹੇ ਹਨ ਕਿਉਂਕਿ ਇਥੇ ਬੇਰੁਜ਼ਗਾਰੀ ਬਹੁਤ ਹੈ, ਪਰ ਸਾਨੂੰ ਪਹਿਲਾਂ ਅਪਣੇ ਆਪ ਵਿਚ ਸੁਧਾਰ ਕਰਨਾ ਚਾਹੀਦਾ ਹੈ, ਫਿਰ ਦੂਜਿਆਂ ਨੂੰ ਵੀ ਸੁਧਾਰਿਆ ਜਾ ਸਕਦਾ ਹੈ।
ਸਿਮਰਨ ਨੇ ਕਿਹਾ ਕਿ ਜਦੋਂ ਲੀਡਰ ਸਾਡੇ ਕੋਲ ਵੋਟਾਂ ਮੰਗਣ ਆਉਂਦੇ ਹਨ ਤਾਂ ਇਨ੍ਹਾਂ ਨੂੰ ਘੇਰ ਕੇ ਪੁਛਣਾ ਚਾਹੀਦਾ ਹੈ ਕਿ ਪਹਿਲਾਂ 5 ਸਾਲਾਂ ਵਿਚ ਤੁਸੀਂ ਕੁੱਝ ਕੀਤਾ ਨਹੀਂ ਤੇ ਹੁਣ ਤੁਸੀਂ ਕੀ ਕਰੋਗੇ? ਸਿਮਰਨ ਨੇ ਕਿਹਾ,‘‘ਮੈਂ ਅਪਣਾ ਪੋਲੀਟੀਕਲ ਸਾਇੰਸ ਦਾ ਪੇਪਰ ਛੱਡ ਕੇ ਅੱਜ ਦਿੱਲੀ ਆਈ ਹਾਂ ਤੇ ਕਿਸਾਨੀ ਸੰਘਰਸ਼ ਨੂੰ ਜ਼ਿਆਦਾ ਜ਼ਰੂਰੀ ਮੰਨਦੀ ਹਾਂ ਕਿਉਂਕਿ ਜੇ ਸਾਡੀ ਖੇਤੀ ਚਲੀ ਗਈ ਤਾਂ ਸਾਡੀ ਰੋਜ਼ੀ ਰੋਟੀ ਚਲੀ ਜਾਵੇਗੀ। ਸਿਮਰਨ ਨੇ ਕਿਹਾ ਕਿ ਅਪਣੇ ਹੱਕਾਂ ਲਈ ਜਿੰਨਾ ਹੋ ਸਕੇ ਲੜੋ ਤੇ ਸੰਘਰਸ਼ ਕਰੋ ਕਿਉਂਕਿ ਅਸੀਂ ਉਸ ਕੌਮ ਵਿਚ ਆਉਂਦੇ ਹਾਂ ਜਿਹੜੇ ਘਰਾਂ ਵਿਚ ਮਰਨਾ ਨਹੀਂ ਚਾਹੁੰਦੇ ਪਰ ਸੰਘਰਸ਼ ਕਰਦਿਆਂ ਸੜਕਾਂ ’ਤੇ ਮਰਨਾ ਪਸੰਦ ਕਰਦੇ ਹਾਂ ਕਿਉਂਕਿ ਸਾਡਾ ਜ਼ਮੀਰ ਕਹਿੰਦਾ ਹੈ ਕਿ ਘਰਾਂ ਵਿਚ ਮਰਨ ਦੀ ਬਜਾਏ ਦਿੱਲੀ ਸੰਘਰਸ਼ ਵਿਚ ਜਾ ਕੇ ਅਪਣੇ ਹੱਕਾਂ ਲਈ ਮਰਿਆ ਜਾਵੇ। ਸਿਮਰਨ ਨੇ ਕਿਹਾ ਕਿ ਇਹ ਅੰਦੋਲਨ ਇੰਨੀ ਜਲਦੀ ਖ਼ਤਮ ਨਹੀਂ ਹੋਵੇਗਾ ਪਰ ਅਸੀਂ ਡਟ ਕੇ ਬੈਠੇ ਹਾਂ ਜਿੰਨਾ ਮਰਜ਼ੀ ਅੰਦਲਨ ਨੂੰ ਲੰਮਾ ਚਲਾਉਣਾ ਪਵੇ।