
ਕਿਸਾਨ ਅੰਦੋਲਨ ਵਿਚ ਲੁਧਿਆਣਾ ਸ਼ਹਿਰ ਤੋਂ ਪਹੁੰਚੀਆਂ ਛੋਟੀਆਂ ਛੋਟੀਆਂ ਬੱਚੀਆਂ
‘ਜੈ ਕਿਸਾਨ ਜੈ ਜਵਾਨ’ ਦੇ ਲਗਾਏ ਨਾਹਰੇ
ਨਵੀਂ ਦਿੱਲੀ, 11 ਮਾਰਚ (ਸੁਰਖ਼ਾਬ ਚੰਨ): ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਬਿਲਾਂ ਵਿਰੁਧ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਜਿਥੇ ਸ਼ਹਿਰੀ ਲੋਕ ਵੀ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਜਾ ਕੇ ਅਪਣਾ ਫ਼ਰਜ਼ ਨਿਭਾ ਰਹੇ ਹਨ। ਉਥੇ ਹੀ ਅੱਜ ਲੁਧਿਆਣਾ ਸ਼ਹਿਰ ਤੋਂ ਨਿੱਕੀਆਂ-ਨਿੱਕੀਆਂ ਬੱਚੀਆਂ ਵੀ ਕਿਸਾਨੀ ਸੰਘਰਸ਼ ਵਿਚ ਪਹੁੰਚ ਕੇ ਅਪਣਾ ਭਰਪੂਰ ਸਮਰਥਨ ਦੇ ਰਹੀਆਂ ਹਨ। ਇਸ ਦੌਰਾਨ ਸੰਘਰਸ਼ ਵਿਚ ਪਹੁੰਚੀਆਂ ਬੱਚੀਆਂ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਇਥੇ ਆਏ ਹਾਂ।
ਬੱਚਿਆਂ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ‘ਜੈ ਕਿਸਾਨ ਜੈ ਜਵਾਨ’, ‘ਨੋ ਫ਼ਾਰਮਰਜ਼ ਨੋ ਫ਼ੂਡ’ ਦੇ ਨਾਹਰੇ ਵੀ ਲਗਾਏ ਬੱਚਿਆਂ ਨੇ ਕਿਹਾ ਕਿ ਜਿਹੜੀ ਆਟੇ ਦੀ ਥੈਲੀ ਸਾਨੂੰ 100 ਰੁਪਏ ਦੀ ਮਿਲਦੀ ਹੈ, ਖੇਤੀ ਕਾਲੇ ਕਾਨੂੰਨ ਲਾਗੂ ਹੋਣ ’ਤੇ ਉਹੀ ਥੈਲੀ ਸਾਨੂੰ 500 ਰੁਪਏ ਦੀ ਮਿਲਿਆ ਕਰੇਗੀ, ਜਿਸ ਨਾਲ ਇੱਕਲੇ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਵੇਗਾ ਸਗੋਂ ਦੇਸ਼ ਦੇ ਆਮ ਲੋਕਾਂ ਅਤੇ ਗ਼ਰੀਬਾਂ ਦਾ ਰਹਿਣਾ ਖਾਣਾ-ਪੀਣਾ ਵੀ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਜਲਦ ਰੱਦ ਕਰਾਉਣ ਲਈ ਸਾਨੂੰ ਕਿਸਾਨੀ ਸੰਘਰਸ਼ ਨਾਲ ਜੁੜਨਾ ਚਾਹੀਦਾ ਤਾਂ ਜੋ ਇਨ੍ਹਾਂ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਵਾਇਆ ਜਾ ਸਕੇ।